ਨਾਭਾ: ਸ਼ਹਿਰ ਦੇ ਪਾਂਡੂਸਰ ਮੁਹੱਲੇ ਵਿਖੇ ਬੀਤੇ ਦਿਨ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਤੀ ਪਤਨੀ ਆਪਣੀ ਹੀ ਤਿੰਨ ਮਹੀਨਿਆਂ ਦੀ ਬੱਚੀ ਦਾ ਕਤਲ ਕਰ ਕੇ ਘਰੋਂ ਫਰਾਰ ਹੋ ਗਏ ਸੀ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਨਾਭਾ ਵਿਖੇ ਇੱਕ ਪਤੀ ਪਤਨੀ ਨੇ ਆਪਣੀ ਹੀ ਬੱਚੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਹ ਪਿੰਡ ਛੀਟਾਂਵਾਲਾ ਵਿਖੇ ਰੇਲਵੇ ਸਟੇਸ਼ਨ ’ਤੇ ਟਰੇਨ ਚੜ੍ਹਨ ਦੀ ਫ਼ਿਰਾਕ ਵਿੱਚ ਸੀ ਪਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਉਨ੍ਹਾਂ ਦੋਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਇਨ੍ਹਾਂ ਸਬੰਧੀ ਗੁਪਤ ਸੂਚਨਾ ਮਿਲੀ ਸੀ।
ਇਸ ਮੌਕੇ ’ਤੇ ਮ੍ਰਿਤਕ ਬੱਚੀ ਦੇ ਪਿਤਾ ਅਜੇ ਕੁਮਾਰ ਨੇ ਕਿਹਾ ਕਿ ਉਸਨੇ ਇਹ ਘਟਨਾਕ੍ਰਮ ਸ਼ਰਾਬ ਦੇ ਨਸ਼ੇ ਵਿਚ ਆ ਕੇ ਕੀਤਾ ਹੈ ਅਤੇ ਉਹ ਚਿੱਟੇ ਦਾ ਵੀ ਨਸ਼ਾ ਕਰਦਾ ਸੀ। ਹੁਣ ਉਸ ਨੂੰ ਆਪਣੇ ਇਸ ਕੰਮ ’ਤੇ ਪਛਤਾਵਾ ਹੋ ਰਿਹਾ ਹੈ। ਦੂਜੇ ਪਾਸੇ ਮ੍ਰਿਤਕ ਬੱਚੀ ਦੀ ਮਾਂ ਨੇ ਕਿਹਾ ਕਿ ਉਸਦਾ ਕੋਈ ਕਸੂਰ ਨਹੀਂ ਹੈ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਫਿਰ ਕਿਉਂ ਆਪਣੇ ਪਤੀ ਨਾਲ ਭੱਜੇ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ।
ਇਸ ਮੌਕੇ ਨਾਭਾ ਦੇ ਐਸਐਚਓ ਰਾਕੇਸ਼ ਕੁਮਾਰ ਨੇ ਕਿਹਾ ਕਿ ਇਹ ਦੋਵੇਂ ਪਤੀ-ਪਤਨੀ ਕਤਲ ਕਰਕੇ ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਵਿਖੇ ਰੇਲਵੇ ਸਟੇਸ਼ਨ ’ਤੇ ਟ੍ਰੇਨ ਚੜਨ ਦੀ ਫਿਰਾਕ ਵਿੱਚ ਸਨ ਅਤੇ ਪੁਲਿਸ ਨੇ ਇਨ੍ਹਾਂ ਦੋਵੇਂ ਅਰੋਪੀਆਂ ਨੂੰ ਮੌਕੇ ’ਤੇ ਗ੍ਰਿਫਤਾਰ ਕਰਕੇ ਧਾਰਾ 302, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜੋ: ਪ੍ਰੇਮੀ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਪ੍ਰੇਮਿਕਾ ਦੀ ਮੌਤ... ਜਾਣੋ ਪੂਰੀ ਘਟਨਾ