ਨਾਭਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਨੇ ਸੋਮਵਾਰ ਨੂੰ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 23ਵੀਂ ਸ਼ਰਧਾਂਜਲੀ ਕਾਨਫਰੰਸ ਮਨਾਈ ਗਈ। ਸ਼ਰਧਾਂਜਲੀ ਸਮਾਗਮ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਪਿੰਡ ਸੁੱਧੇਵਾਲ ਵਿਖੇ ਮਨਾਇਆ ਗਿਆ। ਬੀਬੀ ਕਿਰਨਜੀਤ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡ ਦੇ ਕਿਸਾਨ ਜੁੜੇ ਹੋਏ ਸਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਲੋਕਾਂ ਨੂੰ ਬੀਬੀ ਕਿਰਨਜੀਤ ਕੌਰ ਦੀ ਸ਼ਹੀਦੀ ਬਾਰੇ ਜਾਣੂੰ ਕਰਵਾਇਆ। ਆਗੂਆਂ ਨੇ ਦੱਸਿਆ ਕਿ ਕਿਵੇਂ ਗੁੰਡਿਆਂ ਅੱਗੇ ਹਾਰ ਨਾ ਮੰਨਦੀ ਹੋਈ ਕਿਰਨਜੀਤ ਨੇ ਸ਼ਹੀਦੀ ਪਾਈ ਸੀ। 1997 ਵਿੱਚ ਮਹਿਲ ਕਲਾਂ ਵਿਖੇ ਗੁੰਡਿਆਂ ਵੱਲੋਂ ਸਕੂਲ ਤੋਂ ਪਰਤਦਿਆਂ ਬੀਬੀ ਕਿਰਨਜੀਤ ਨੂੰ ਜ਼ਬਰ-ਜਿਨਾਹ ਪਿੱਛੋਂ ਕਤਲ ਕਰਕੇ ਖੇਤ ਵਿੱਚ ਦੱਬ ਦਿੱਤਾ ਗਿਆ ਸੀ। ਲੋਕਾਂ ਵੱਲੋਂ ਸੰਘਰਸ਼ ਕਰਨ ਤੋਂ ਬਾਅਦ ਕਿਰਨਜੀਤ ਕੌਰ ਦੀ ਲਾਸ਼ ਖੇਤਾਂ ਵਿੱਚੋਂ ਕਢਵਾਈ ਗਈ ਅਤੇ ਗੁੰਡਿਆਂ ਨੂੰ ਸਜ਼ਾ ਦਿਵਾਈ ਗਈ ਸੀ।
ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਮਟੋਰੜਾ ਨੇ ਕਿਹਾ ਕੀ ਸੋਮਵਾਰ ਦੀ ਕਾਨਫਰੰਸ ਵਿਚ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਆਰਡੀਨੈੱਸ ਬਿੱਲ ਦੇ ਖਿਲਾਫ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਖੇਤੀ ਸੁਧਾਰਾਂ ਦੇ ਨਾਂਅ 'ਤੇ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਉਪਰ ਚਾਨਣਾ ਪਾਉਣ ਲਈ ਕਾਨਫਰੰਸ ਵਿੱਚ ਵੱਖ-ਵੱਖ ਬੁੱਧੀਜੀਵੀਆਂ ਨੇ ਵੀ ਭਾਗ ਲਿਆ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਜਿਹੜਾ ਆਰਡੀਨੈਂਸ ਲਾਗੂ ਕਰਨਾ ਚਾਹੁੰਦਾ ਹੈ ਉਹ ਕਿਸਾਨ ਵਿਰੋਧੀ ਹੈ, ਜਿਸ ਨੂੰ ਉਹ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।