ਨਾਭਾ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਇੱਕ ਸਾਲ ਤੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਦੌਰਾਨ ਸੈਂਕੜੇ ਹੀ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਤੂੰਗਾਂ ਦੇ ਰਹਿਣ ਵਾਲੇ 40 ਸਾਲਾ ਕਿਸਾਨ ਗੁਰਪ੍ਰੀਤ ਸਿੰਘ ਪਿਛਲੇ ਦਸ ਮਹੀਨਿਆਂ ਤੋਂ ਟਿਕਰੀ ਬਾਰਡਰ ਤੇ ਲਗਾਤਾਰ ਅੰਦੋਲਨ ਤੇ ਬੈਠੇ ਸੀ। ਬੀਤੇ ਦਿਨੀਂ ਕਿਸਾਨ ਗੁਰਪ੍ਰੀਤ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਾਭਾ ਲਿਆਂਦਾ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭਾਵੇਂ ਸਾਡਾ ਪੂਰਾ ਪਰਿਵਾਰ ਅਤੇ ਪੂਰਾ ਪੰਜਾਬ ਹੀ ਕਿਉਂ ਨਾ ਸ਼ਹੀਦ ਹੋ ਜਾਵੇ ਪਰ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ।
ਇਹ ਵੀ ਪੜ੍ਹੋ : Children Day 2021: ਛੋਟੀ ਉਮਰ ਪਰ ਕੰਮ ਵੱਡੇ, ਕਲੇਅ ਨਾਲ ਬਣਾ ਰਿਹਾ ਖਿਡੌਣੇ
ਇਸ ਮੌਕੇ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਪ੍ਰਤਾਪ ਸਿੰਘ ਅਤੇ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਪਿਛਲੇ ਦੱਸ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਿਹਾ ਸੀ ਅਤੇ ਉਹ ਇੱਕ ਵਾਰ ਵੀ ਘਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਕਿਉਂਕਿ ਉੱਥੇ ਪਾਣੀ ਬਹੁਤ ਖ਼ਰਾਬ ਹੈ, ਜਿਸ ਕਾਰਨ ਉਸ ਨੂੰ ਕਾਲਾ ਪੀਲੀਆ ਹੋ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਇੱਥੇ ਲਿਆਂਦਾ ਗਿਆ ਤਾਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਭਾਵੇਂ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਅੜੀ ਹੋਈ ਹੈ ਪਰ ਸਾਡਾ ਸਾਰਾ ਪਰਿਵਾਰ ਹੀ ਕਿਉਂ ਨਾ ਮਰ ਜਾਵੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਸ਼ਮੂਲੀਅਤ ਕਰਦੇ ਰਹਾਂਗੇ।
ਇਹ ਵੀ ਪੜ੍ਹੋ : ਪਟਿਆਲਾ ਤੋਂ ਕੌਣ ਹੋਵੇਗਾ ਕੈਪਟਨ ਦੇ ਖ਼ਿਲਾਫ਼ ਕਾਂਗਰਸ ਦਾ ਉਮੀਦਵਾਰ, ਵੇਖੋ ਕੀ ਬੋਲੇ ਹਰੀਸ਼ ਚੌਧਰੀ 'ਤੇ ਸਿੱਧੂ