ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਪਰ ਇੱਕ ਨੌਜਵਾਨ ਅਰਸ਼ਦੀਪ ਆਪਣੀ ਸਾਈਕਲ ’ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰ ਰਿਹਾ ਹੈ ਅਤੇ ਕੁਝ ਪੈਸਿਆਂ ਅਤੇ ਸ਼ਰਾਬ ਦੀਆਂ ਬੋਤਲਾਂ ਜਾਂ ਕਿਸੇ ਹੋਰ ਲਾਲਚ ਲਈ ਲੋਕਾਂ ਨੂੰ ਆਪਣੀਆਂ ਵੋਟਾਂ ਨਾ ਵੇਚਣ ਦੀ ਅਪੀਲ ਕਰ ਰਿਹਾ ਹੈ। ਅਰਸ਼ਦੀਪ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ ਅਤੇ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦਾ ਦੌਰਾ ਕਰੇਗਾ ਅਤੇ ਲੋਕਾਂ ਨੂੰ ਅਪੀਲ ਕਰੇਗਾ ਕਿ ਅਜਿਹਾ ਹੀ ਲੀਡਰ ਚੁਣਨ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੇ ਅਤੇ ਮੁਸ਼ਕਿਲ ਵੇਲੇ ਉਨ੍ਹਾਂ ਦਾ ਸਾਥ ਦਵੇ।
ਇਹ ਵੀ ਪੜੋਂ: ‘ਦਿੱਲੀ ਧਰਨੇ ਤੋਂ ਪਰਤ ਰਹੇ ਕਿਸਾਨ ਪਿੰਡਾਂ ’ਚ ਫੈਲਾ ਰਹੇ ਹਨ ਕੋਰੋਨਾ’ !
ਅਰਸ਼ਦੀਪ ਸਾਈਕਲ ’ਤੇ ਘੁੰਮਦਾ ਹੈ ਅਤੇ ਸਾਈਕਲ ’ਤੇ ਹੀ ਲਾਊਡ ਸਪੀਕਰ ਲਗਾ ਕੇ ਉਹ ਲੋਕਾਂ ਨੂੰ ਜਾਗਰੂਕ ਕਰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਰੋਜ਼ਾਨਾ ਪੰਜਾਬ ਵਿੱਚ ਸੈਂਕੜੇ ਮੌਤਾਂ ਹੋ ਰਹੀਆਂ ਨੇ ਦੇਸ਼ ’ਚ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ ਜਿਸਦਾ ਕਾਰਨ ਲੋਕ ਨਹੀਂ ਸਗੋਂ ਸਾਡੀ ਲੀਡਰਸ਼ਿਪ ਹੈ ਜੋ ਸਾਨੂੰ ਸਿਹਤ ਸਹੂਲਤਾਂ ਸਹੀ ਤਰ੍ਹਾਂ ਮੁਹੱਈਆ ਨਹੀਂ ਕਰਵਾ ਪਾ ਰਹੀਆਂ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਬਿਨਾਂ ਮੌਤ ਦਾ ਸਮਾਂ ਆਏ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ ਜੋ ਇਨ੍ਹਾਂ ਲੀਡਰਾਂ ਕਰਕੇ ਹੀ ਹੈ।