ਲੁਧਿਆਣਾ: ਸਾਈਕਲ ਇੰਡਸਟਰੀ ਅਤੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ। ਲੁਧਿਆਣਾ ਦੇ ਵਿੱਚ ਸਾਲਾਨਾ ਡੇਢ ਕਰੋੜ ਦੇ ਕਰੀਬ ਸਾਈਕਲ ਤਿਆਰ ਕੀਤੇ ਜਾਂਦੇ ਹਨ ਅਤੇ ਇਸ ਵਿੱਚ ਛੋਟੀਆਂ ਅਤੇ ਮੀਡੀਅਮ ਸਨਅਤਾ ਦਾ ਵੀ ਅਹਿਮ ਰੋਲ ਹੈ। ਲੁਧਿਆਣਾ ਦੇ ਵਿੱਚ ਸਾਈਕਲ ਉਦਯੋਗ ਦੇ ਨਾਲ ਜੁੜੀਆਂ ਹੋਈਆਂ 4000 ਤੋਂ ਵੱਧ ਛੋਟੀਆਂ ਅਤੇ ਵੱਡੀਆਂ ਯੂਨਿਟਾਂ ਹਨ। ਇਸ ਵਿੱਚ ਹੀਰੋ ਸਾਈਕਲ, ਏਵਨ, ਹਾਈ ਬਰਡ, ਨੋਵਾ ਅਤੇ ਨੀਲਮ ਸਾਈਕਲ ਵਰਗੀਆਂ ਕੰਪਨੀਆਂ ਦੇ ਨਾਂਅ ਸ਼ਾਮਿਲ ਹਨ।
ਆਮ ਸਾਈਕਲ ਯਾਨੀ ਜਿਸ ਨੂੰ ਰੋਡਸਟਰ ਸਾਈਕਲ ਕਿਹਾ ਜਾਂਦਾ ਹੈ, ਲੁਧਿਆਣਾ ਦੇ ਵਿੱਚ ਸਾਲਾਨਾ 80-85 ਲੱਖ ਸਾਈਕਲ ਬਣਾਏ ਜਾਂਦੇ ਹਨ। ਇਸ ਵਿੱਚ ਲੱਗਭੱਗ 48 ਫੀਸਦੀ ਹਿੱਸਾ ਸਰਕਾਰ ਵੱਲੋਂ ਦਿੱਤੇ ਗਏ ਆਰਡਰਾਂ ਦਾ ਹੁੰਦਾ ਹੈ। ਲੁਧਿਆਣਾ ਦਾ ਸਾਈਕਲ ਪੰਜਾਬ ਤੋਂ ਇਲਾਵਾ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਵਿਕਰੀ ਲਈ ਜਾਂਦਾ ਹੈ। ਗੁਜਰਾਤ, ਮੱਧ ਪ੍ਰਦੇਸ਼, ਅਸਾਮ, ਆਂਧਰਾ ਪ੍ਰਦੇਸ਼, ਕਰਨਾਟਕਾ ਆਦਿ ਵਿੱਚ ਲੁਧਿਆਣਾ ਦਾ ਵੱਡੀ ਤਦਾਦ 'ਚ ਸਾਈਕਲ ਵਿਕਦਾ ਹੈ।
ਲੁਧਿਆਣਾ ਵਿੱਚ ਸਾਈਕਲ ਇੰਡਸਟਰੀ ਨਾਲ ਜੁੜੇ ਹੋਏ ਵੱਡੀ ਤਦਾਦ ਵਿੱਚ ਛੋਟੀਆਂ ਅਤੇ ਵੱਡੀਆਂ ਯੂਨਿਟਾਂ ਦੇ ਵਿੱਚ ਹਜ਼ਾਰਾਂ ਦੀ ਤਦਾਦ 'ਚ ਲੇਬਰ ਵੀ ਕੰਮ ਕਰਦੀ ਹੈ ਪਰ ਇਨੀਂ ਦਿਨੀਂ ਲਗਾਤਾਰ ਲੌਕਡਾਊਨ ਕਰਕੇ ਲੇਬਰ ਆਪਣੇ ਘਰਾਂ ਨੂੰ ਪਰਤ ਗਈ ਹੈ। ਲੁਧਿਆਣਾ ਵਿੱਚ ਲੱਗਭੱਗ 6 ਲੱਖ ਦੇ ਕਰੀਬ ਲੇਬਰ ਹੈ, ਜਿਨ੍ਹਾਂ 'ਚੋਂ ਵੱਡਾ ਹਿੱਸਾ ਆਪੋ ਆਪਣੇ ਸੂਬੇ 'ਚ ਪਰਤ ਚੁੱਕਾ ਹੈ।
ਇੱਕ ਪਾਸੇ ਜਦੋਂ ਪੂਰੇ ਵਿਸ਼ਵ ਦੇ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਚੱਲ ਰਹੀ ਹੈ, ਉਸ ਵੇਲੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਲਗਾਤਾਰ ਵੱਧ ਫੁੱਲ ਰਹੀ ਸੀ। ਇਸ ਦੌਰਾਨ ਸਾਈਕਲ ਦੀ ਡਿਮਾਂਡ 'ਚ ਵੀ ਵਾਧਾ ਹੋਇਆ ਹੈ। ਡਿਮਾਂਡ ਪੂਰੀ ਕਰਨਾ ਸਾਈਕਲ ਇੰਡਸਟਰੀ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ ਪਰ ਲਗਾਤਾਰ ਲੇਬਰ ਜਾਣ ਕਰਕੇ ਸਾਈਕਲ ਇੰਡਸਟਰੀ ਦੇ ਚੱਕੇ ਦੀ ਰਫਤਾਰ ਹੁਣ ਘੱਟ ਗਈ ਹੈ।