ਲੁਧਿਆਣਾ : ਸ਼ਹਿਰ ਦੇ ਮਾਡਲ ਟਾਊਨ ਇਲਾਕੇ ਨੇੜੇ ਹੋਏ ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਲੁਧਿਆਣਾ ਨੇ ਸਖ਼ਤ ਕਾਰਵਾਈ ਕੀਤੀ ਹੈ। ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ।
ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਲਈ ਸਰਕਾਰੀ ਅਮਲਾ ਮਸ਼ੀਨਰੀ ਲੈ ਕੇ ਪੁੱਜਿਆ। ਇਥੇ ਜੇਸੀਬੀ ਰਾਹੀਂ ਬਣੀਆਂ ਝੁੱਗੀਆਂ ਤੋੜ ਦਿੱਤੀਆਂ ਗਈਆਂ ਹਨ। ਇਲਾਕਾ ਵਾਸੀਆਂ ਵਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਪ੍ਰਸ਼ਾਸਨ ਵਲੋਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਗਈ।
ਸਥਾਨਕ ਲੋਕਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ ਅਤੇ ਬਰਸਾਤਾਂ ਵੀ ਸ਼ੁਰੂ ਹੋ ਗਈਆਂ ਹਨ। ਅਜਿਹੇ ਹਲਾਤਾਂ 'ਚ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਕਿਥੇ ਜਾਣ? ਉਨ੍ਹਾਂ ਨਗਰ ਨਿਗਮ 'ਤੇ ਕਿਸੇ ਤਰ੍ਹਾਂ ਦਾ ਨੋਟਿਸ ਜਾਰੀ ਨਾ ਕਰਨ ਅਤੇ ਬਿਨ੍ਹਾਂ ਕੋਈ ਜਾਣਕਾਰੀ ਦਿੱਤੇ ਕਾਰਵਾਈ ਕਰਨ ਦੇ ਦੋਸ਼ ਲਾਏ ਹਨ।
ਉਥੇ ਹੀ ਦੂਜੇ ਪਾਸੇ ਇਲਾਕੇ ਦੇ ਕੌਂਸਲਰ ਪਰਮਿੰਦਰ ਸਿੰਘ ਨੇ ਦੱਸਿਆ ਇਸ ਉੱਤੇ ਸਥਾਨਕ ਵਾਸੀ ਸੋਨੂੰ ਨਾਂਅ ਦੇ ਸ਼ਖਸ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਨੂੰ ਇਸ ਥਾਂ ਉੱਤੇ ਗ਼ੈਰ-ਕਾਨੂੰਨੀ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸ਼ਖਸ ਇਥੇ ਨਜਾਇਜ਼ ਕਬਜ਼ਾ ਕਰਕੇ ਕੁਆਟਰ ਬਣਾ ਕੇ ਗਰੀਬ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹਨ ਤੇ ਉਨ੍ਹਾਂ ਕੋਲੋਂ ਕਿਰਾਇਆ ਵਸੂਲ ਕਰਦਾ ਹੈ।
ਜਦੋਂ ਨਜਾਇਜ਼ ਕਬਜ਼ਾ ਛੁਡਾਉਣ ਲਈ ਅੱਜ ਨਗਰ ਨਿਗਮ ਦੀ ਟੀਮ ਪਹੁੰਚੀ ਅਤੇ ਇਥੋਂ ਦੀ ਨਾਜਾਇਜ਼ ਉਸਾਰੀ ਨੂੰ ਹਟਾਇਆ ਗਿਆ ਤਾਂ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸੋਨੂੰ ਨੂੰ ਇਸ ਸਬੰਧੀ 7 ਦਿਨ ਦਾ ਨੋਟਿਸ ਦਿੱਤਾ ਗਿਆ ਸੀ ਪਰ ਨੋਟਿਸ ਦੇਣ ਦੇ ਬਾਵਜੂਦ ਉਸ ਨੇ ਕਬਜ਼ਾ ਨਹੀਂ ਹਟਾਇਆ ਤੇ ਨਾ ਹੀ ਕਿਰਾਏਦਾਰਾਂ ਨੂੰ ਇਸ ਬਾਰੇ ਦੱਸਿਆ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਸੇ ਥਾਂ 'ਤੇ ਕਰਵਾਈ ਕਰਨ ਲਈ ਜਦੋਂ ਇੰਪਰੂਵਮੈਂਟ ਟਰੱਸਟ ਦੀ ਟੀਮ ਪਹੁੰਚੀ ਸੀ ਤਾਂ ਉਸ ਸਮੇਂ ਵੀ ਇਥੇ ਨਜਾਇਜ਼ ਕਬਜ਼ਾ ਕਰਨ ਵਾਲੇ ਸੋਨੂੰ ਨਾਂਅ ਦੇ ਵਿਅਕਤੀ ਨੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ ਸੀ। ਜਿਸ ਦੀ ਵੀਡੀਓ ਮੀਡੀਆ ਤੇ ਵਾਇਰਲ ਹੋ ਗਈ ਸੀ।