ਲੁਧਿਆਣਾ: ਅਦਾਕਾਰ ਅਨੁਪਮ ਖੇਰ ਦੇ ਟਵੀਟ 'ਤੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਹਾਲਾਂਕਿ ਅਨੁਪਮ ਖੇਰ ਨੇ ਆਪਣੇ ਵੱਲੋਂ ਕੀਤੇ ਗਏ ਟਵੀਟ 'ਤੇ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ, ਪਰ ਫਿਰ ਵੀ ਕੁਝ ਸਿਆਸੀ ਆਗੂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅਨੁਪਮ ਖੇਰ 'ਤੇ ਸਖ਼ਤ ਨੋਟਿਸ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀਆਂ ਤੁੱਕਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਸਿੱਖ ਕੌਮ ਦੀ ਭਾਵਨਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਅਨੁਪਮ ਖੇਰ ਜਾਂ ਤਾਂ ਜਨਤਕ ਤੌਰ 'ਤੇ ਮਾਫ਼ੀ ਮੰਗਣ ਜਾਂ ਫੇਰ ਉਨ੍ਹਾਂ 'ਤੇ ਮਾਮਲਾ ਦਰਜ਼ ਕਰਕੇ ਕਾਨੂੰਨ ਮੁਤਾਬਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਨੂੰਨ ਤਹਿਤ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।
ਇਸ ਦੌਰਾਨ ਸਿਮਰਜੀਤ ਬੈਂਸ ਨੇ ਕੇਂਦਰ ਸਰਕਾਰ ਵੱਲੋਂ 9 ਖਾਲਿਸਤਾਨੀ ਅੱਤਵਾਦੀਆਂ ਦੇ ਐਲਾਨ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਕੀ ਮੁਸ਼ਕਿਲ ਹਨ ਅਤੇ ਕਿਉਂ ਇਹ ਵੱਖਰੇ ਸੂਬੇ ਦੀ ਮੰਗ ਕਰ ਰਹੇ ਹਨ, ਇਸ ਬਾਰੇ ਵਿਚਾਰ ਹੋਣਾ ਚਾਹੀਦਾ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਇੱਕ ਪਾਸੇ ਤਾਂ ਹਰਸਿਮਰਤ ਕੌਰ ਬਾਦਲ ਕੇਂਦਰ ਕੈਬਿਨੇਟ 'ਚ ਇੱਕ ਅਹੁਦੇ 'ਤੇ ਬੈਠੀ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਪੰਜਾਬ 'ਚ ਪੈਟਰੋਲ ਡੀਜ਼ਲ 'ਤੇ ਧਰਨਾ ਤੇ ਰੋਸ ਪ੍ਰਦਸ਼ਨ ਕਰਨ 'ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦੋਹਰੀ ਰਾਜਨੀਤੀ ਕਰ ਰਹੇ ਹਨ। ਬੈਂਸ ਨੇ ਕਿਹਾ ਕਿ ਜੇ ਉਹ ਸੱਚੀ ਲੋਕਾਂ ਦੀ ਭਲਾਈ ਚਾਹੁੰਦੇ ਹਨ ਤਾਂ ਪਹਿਲਾ ਧਰਨਾ ਉਹ ਕੇਂਦਰ ਸਰਕਾਰ ਵਿਰੁੱਧ ਦੇਣ। ਸਕੂਲ ਫੀਸਾਂ 'ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਪਿਆ ਦਾ ਪੱਖ ਹਾਈਕੋਰਟ 'ਚ ਵਧੀਆ ਢੰਗ ਨਾਲ ਰੱਖਣ।