ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੀ ਅਗਵਾਈ 'ਚ ਲੋਕ ਇਨਸਾਫ਼ ਪਾਰਟੀ ਨੇ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੈਂਕੜਿਆਂ ਦੀ ਤਦਾਦ 'ਚ ਲੋਕ ਇਨਸਾਫ ਪਾਰਟੀ ਦੇ ਵਰਕਰ ਇਕੱਠੇ ਹੋਏ। ਧਰਨੇ ਦੀ ਅਗਵਾਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ, ਵਿਧਾਇਕ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਵੱਲੋਂ ਕੀਤੀ ਗਈ, ਹਾਲਾਂਕਿ ਇਸ ਦੌਰਾਨ ਕਿਸੇ ਨੇ ਵੀ ਸਮਾਜਕ ਦੂਰੀ ਨਹੀਂ ਬਣਾਈ।
ਏਡੀਸੀਪੀ ਨੇ ਕਿਹਾ ਕਿ ਇਨ੍ਹਾਂ ਵਰਕਰਾਂ 'ਤੇ ਪਰਚਾ ਦਰਜ ਹੋਵੇਗਾ। ਜਦਕਿ ਬੈਂਸ ਨੇ ਕਿਹਾ ਕਿ ਉਹ ਪਰਚਿਆਂ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਪੱਗ ਜ਼ਿਆਦਾ ਪਿਆਰੀ ਹੈ।
ਸਿਮਰਜੀਤ ਬੈਂਸ ਨੇ ਦੱਸਿਆ ਕਿ ਅੱਜ ਦਾ ਧਰਨਾ ਇਨਸਾਫ਼ ਲਈ ਹੈ ਤੇ ਕਾਂਗਰਸੀ ਗੁੰਡਿਆਂ ਦੇ ਵਿਰੁੱਧ ਲਾਇਆ ਗਿਆ ਹੈ ਜੋ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਬੈਂਸ ਨੇ ਕਿਹਾ ਕਿ ਉਹ ਪੁਲਿਸ ਦੇ ਵਿਰੁੱਧ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ 'ਚ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਚੁੱਕੇ ਹਨ। ਬੈਂਸ ਨੇ ਕਿਹਾ ਕਿ ਪੁਲਿਸ ਜੋ ਉਨ੍ਹਾਂ 'ਤੇ ਸਮਾਜਕ ਦੂਰੀ ਬਣਾਈ ਰੱਖਣ ਦੀ ਉਲੰਘਣਾ ਦਾ ਪਰਚਾ ਦਰਜ ਕਰਨਾ ਚਾਹੁੰਦੀ ਹੈ, ਉਹ ਉਨ੍ਹਾਂ ਤੋਂ ਨਹੀਂ ਡਰਦੇ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਇੱਜ਼ਤ ਆਪਣੀ ਪੱਗ ਜ਼ਿਆਦਾ ਪਿਆਰੀ ਹੈ।
ਦੂਜੇ ਪਾਸੇ ਲੁਧਿਆਣਾ ਪੁਲਿਸ ਦੇ ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਆਗੂਆਂ ਨੂੰ ਰੋਕਣ ਦੀ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨ੍ਹਾਂ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਦੀ ਧੱਜੀਆਂ ਉਡਾਈਆਂ ਗਈਆਂ ਹਨ, ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।