ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਉਠਾਇਆ। ਸੰਸਦ ਵਿੱਚ ਇਸ ਮੁੱਦੇ ਨੂੰ ਉਠਾਉਂਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਤਲੁਜ ਅਤੇ ਬਿਆਸ ਦਰਿਆ ਅਤੇ ਕਈ ਬਰਸਾਤੀ ਨਦੀਆਂ ਵਹਿੰਦੀਆਂ ਹਨ ਪਰ ਪੰਜਾਬ ਦੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਲੁੱਟਿਆ ਜਾ ਰਿਹਾ ਹੈ। ਇੱਕ ਰੇਤ ਦੀ ਖੱਡ ਨੂੰ ਨਦੀਆਂ ਵਿੱਚੋਂ ਰੇਤ ਕੱਢਣ ਦੀ ਆਗਿਆ ਹੈ ਪਰ ਇਸ ਦੇ ਨਾਲ 40-50 ਨਾਜਾਇਜ਼ ਖਦਾਨਾਂ ਵਿੱਚੋਂ ਰੇਤ ਕੱਢੀ ਜਾ ਰਹੀ ਹੈ।
ਐਨਜੀਟੀ ਦੇ ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਇਹ ਰੇਤ ਮਾਫੀਆ ਨਦੀਆਂ ਵਿੱਚ 100-100 ਫੁੱਟ ਡੁੰਘੇ ਖਦਾਨ ਪਾ ਰਿਹਾ ਹੈ। ਨਦੀਆਂ ਦੇ ਉਪਰ ਬਣੇ ਪੁਲਾਂ ਦੇ ਨੇੜਿਓ ਵੀ ਰੇਤ ਕੱਢੀ ਜਾ ਰਹੀ ਹੈ ਜਿਸ ਕਾਰਨ ਪੁਲਾਂ ਦੇ ਧਸਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ ਉਦੋਂ ਉਨ੍ਹਾਂ ਦੇ ਮੰਤਰੀ ਅਤੇ ਵਿਦਾਇਕ ਰੇਤ ਮਾਫ਼ੀਆ ਦਾ ਕਾਰੋਬਾਰ ਕਰਦੇ ਸਨ ਅਤੇ ਹੁਣ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਚਲਾਉਂਦੇ ਹਨ।
ਰੇਤ ਮਾਫ਼ੀਆ ਦੀ ਰੇਤ ਨਾਲ ਭਰੇ ਟਰੱਕ ਤੁਹਾਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਸਤਲੁਜ ਅਤੇ ਬਿਆਸ ਨਦੀਆਂ ਕੋਲੋਂ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਰੇਤ ਮਾਫ਼ੀਏ ਦੀ ਨਕੇਲ ਨਾ ਕਸੀ ਗਈ ਤਾਂ ਇਹ ਲੋਕ ਪੰਜਾਬ ਦੇ ਸੋਮਿਆਂ ਨੂੰ ਨਿਗਲ ਜਾਣਗੇ। ਉਨ੍ਹਾਂ ਸਦਨ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਇਆ ਜਾਵੇ ਅਤੇ ਰੇਤ ਮਾਫ਼ੀਏ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।