ਲੁਧਿਆਣਾ: ਪੰਜਾਬ 'ਚ 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਹੋਣਗੀਆਂ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਂਦਵਾਰ ਐਲਾਨੇ ਜਾ ਰਹੇ ਹਨ ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਜਗਰਾਉਂ ਦੇ ਵਾਰਡ ਨੰਬਰ ਦੋ 'ਚ ਲਗਭਗ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ। ਲੋਕਾਂ ਨੇ ਸਹੀ ਢੰਗ ਨਾਲ ਵਿਕਾਸ ਕਾਰਜ ਨਾ ਕਰਵਾਏ ਜਾਣ ਨੂੰ ਲੈ ਕੇ ਹਲਕੇ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ।
ਜਗਰਾਉਂ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ। 30 ਜਨਵਰੀ ਨੂੰ ਨਾਮਜ਼ਦਗੀਆਂ ਭਰਨ ਦਾ ਪਹਿਲਾ ਦਿਨ ਰਿਹਾ। ਇਸ ਨਾਲ ਜੇਕਰ ਜਗਰਾਉਂ ਦੇ ਵਾਰਡ ਨੰਬਰ ਦੋ ਦੀ ਗੱਲ ਕੀਤੀ ਜਾਵੇ ਤਾਂ ਸਥਾਨਕ ਲੋਕਾਂ ਨੇ ਵਿਧਾਇਕਾਂ ਦੀ ਕਾਰਜਗੁਜ਼ਾਰੀ 'ਤੇ ਕਈ ਸਵਾਲ ਚੁੱਕੇ। ਸਥਾਨਕ ਲੋਕਾਂ ਨੇ ਕਿਹਾ ਕਿ ਹਲਕੇ ਦੇ 'ਚ ਵੱਖ-ਵੱਖ ਸਰਕਾਰਾਂ ਆਈਆਂ 'ਤੇ ਚਲੀਆਂ ਗਈਆਂ, ਪਰ ਬੀਤੇ ਕਈ ਸਾਲਾਂ ਤੋਂ ਉਨ੍ਹਾਂ ਦੇ ਕੰਮ ਅਧੂਰੇ ਪਏ ਸਨ। ਇਹ ਕੰਮ ਮੌਜੂਦਾ ਉਮੀਦਵਾਰ ਨੇ ਪੂਰੇ ਕਰਵਾਏ ਹਨ।ਲੋਕਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਨਾਲ ਸਬੰਧਤ ਕੰਮ ਚੋਣਾਂ ਨੇੜੇ ਆਉਣ ਮਗਰੋਂ ਕਰਵਾਏ ਜਾ ਰਹੇ ਹਨ।
ਸਥਾਨਕ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਬੀਤੇ ਸਾਲਾਂ 'ਚ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਕਾਂਗਰਸ ਮਲਕੀਅਤ ਸਿੰਘ ਦਾਖਾ ਵੱਲੋਂ ਜ਼ਰੂਰ ਹਲਕੇ ਦੇ ਵਿਕਾਸ ਕਾਰਜ ਤੇ ਸੜਕਾਂ ਆਦਿ ਬਣਵਾਏ ਗਏ ਹਨ। ਉਨ੍ਹਾਂ ਵਾਰਡ ਬਾਰੇ ਦੱਸਦਿਆਂ ਕਿਹਾ ਕਿ ਇੱਥੇ ਬੀਤੇ ਸਾਲਾਂ ਵਿਚ ਕਈ ਵੱਡੇ ਵੱਡੇ ਕੌਂਸਲਰ ਤੇ ਪ੍ਰਧਾਨ ਬਣੇ, ਪਰ ਉਨ੍ਹਾਂ ਨੇ ਵਿਕਾਸ ਨਹੀਂ ਕਰਵਾਇਆ ਗਿਆ। ਹੁਣ ਜਦ ਨਗਰ ਕੌਂਸਲ ਚੋਣਾਂ ਸਿਰ 'ਤੇ ਹਨ ਤਾਂ ਵਾਰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਹੁਣ ਇਲਾਕੇ ਦੀਆਂ ਗਲੀਆਂ, ਨਾਲੀਆਂ ਪੱਕੀਆਂ ਹੋ ਚੁੱਕੀਆਂ ਨੇ ਅਜੇ ਵੀ ਕਈ ਕੰਮ ਅਧੂਰੇ ਹਨ। ਲੋਕਾਂ ਨੇ ਦੱਸਿਆ ਕਿ ਆਪਣੇ ਵਾਰਡ ਲਈ ਪੜ੍ਹਿਆ ਲਿਖਿਆ ਤੇ ਸੂਝਵਾਨ ਉਮੀਂਦਵਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਵਾਰਡ ਦੇ ਵਿਕਾਸ ਲਈ ਕੰਮ ਕਰੇਗਾ ਉਹ ਉਸੇ ਉਮੀਂਦਵਾਰ ਨੂੰ ਵੋਟ ਪਾਉਣਗੇ।