ਲੁਧਿਆਣਾ: ਪੰਜਾਬ ਦੇ ਆਟੋ ਚਾਲਕਾਂ ਵੱਲੋਂ ਆਪ੍ਰੇਸ਼ਨ ਗੁਜਰਾਤ ਦੀ ਸ਼ੁਰੂਆਤ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਿਕ ਵੱਡੀ ਗਿਣਤੀ ਵਿੱਚ ਆਟੋ ਚਾਲਕ ਗੁਜਰਾਤ ਲਈ ਰਵਾਨਾ ਹੋਣਗੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਣਗੇ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਦੋ ਦਿਨ ਦੇ ਲਈ ਗੁਜਰਾਤ ਦੌਰੇ ਉੱਤੇ ਗਏ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਆਟੋ ਚਾਲਕ ਦੇ ਘਰ ਖਾਣਾ ਵੀ ਖਾਇਆ ਜਿਸ ਸਬੰਧੀ ਉਨ੍ਹਾਂ ਨੇ ਵੀਡੀਓ ਨੂੰ ਆਮ ਆਦਮੀ ਪਾਰਟੀ ਦੇ ਟਵੀਟਰ ਹੈਂਡਲ ਉੱਤੇ ਸ਼ੇਅਰ ਵੀ ਕੀਤਾ।
ਉੱਥੇ ਹੀ ਦੂਜੇ ਪਾਸੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵਿਰੋਧੀਆਂ ਦੇ ਨਾਲ ਨਾਲ ਪੰਜਾਬ ਦੇ ਆਟੋ ਚਾਲਕਾਂ ਵੱਲੋਂ ਵੀ ਘੇਰਿਆ ਜਾ ਰਿਹਾ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋ ਪੰਜਾਬ ਚ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਤੋਂ ਆਟੋ ਚਾਲਕਾਂ ਦੇ ਨਾਲ ਮਿਲ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਚੋਣ ਪ੍ਰਚਾਰ ਲਈ ਆਟੋਆਂ ਤੇ ਕੇਜਰੀਵਾਲ ਦੇ ਪੋਸਟਰ ਲਗਾਏ ਗਏ ਸੀ ਅਤੇ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦੇ ਸਲੋਗਨ ਲਗਾਏ ਗਏ ਸੀ, ਇਥੋਂ ਤੱਕ ਕੇ ਕੇਜਰੀਵਾਲ ਭਗਵੰਤ ਮਾਨ ਅਤੇ ਹਰਪਾਲ ਚੀਮਾ ਆਟੋ ਚਾਲਕ ਦੇ ਘਰ ਰੋਟੀ ਖਾਣ ਵੀ ਗਏ ਸੀ ਪਰ ਹੁਣ ਆਟੋ ਚਾਲਕਾਂ ਨੇ ਹੀ ਪੰਜਾਬ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ।
ਦੱਸ ਦਈਏ ਕਿ ਆਟੋ ਯੂਨੀਅਨ ਦੇ ਪ੍ਰਧਾਨ ਨੇ ਸਾਫ ਕਿਹਾ ਹੈ ਕਿ ਸਰਕਾਰ ਨੇ ਸਾਡੇ ਨਾਲ਼ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਾਡੇ ਨਾਲ ਧੋਖਾ ਹੋਇਆ ਹੈ ਅਤੇ ਹੁਣ ਗੁਜਰਾਤ ਜਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਆਟੋ ਚਾਲਕਾਂ ਨੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਵੋਟਾਂ ਲੈਣ ਸਮੇਂ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਆਟੋ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਗੁਜਰਾਤ ਜਾ ਰਹੇ ਹਨ ਪਰ ਹੁਣ ਇਹ ਸਰਕਾਰ ’ਤੇ ਨਿਰਭਰ ਹੈ ਕਿ ਅਸੀਂ ਉਨ੍ਹਾਂ ਦੀ ਤਰੀਫ ਕਰੀਏ ਜਾਂ ਉਨ੍ਹਾਂ ਦਾ ਵਿਰੋਧ। ਅਸੀਂ ਸਰਕਾਰ ਨੂੰ ਇਸ ਸਬੰਧੀ ਮੇਲ ਕਰ ਚੁੱਕੇ ਹਨ।
ਆਟੋ ਚਾਲਕ ਪ੍ਰੇਸ਼ਾਨ: ਦਰਅਸਲ ਲੁਧਿਆਣਾ ਦੇ ਵਿਚ 30 ਹਜ਼ਾਰ ਤੋਂ ਆਟੋ ਚੱਲਦਾ ਹੈ ਅਤੇ 10 ਹਜ਼ਾਰ ਦੇ ਕਰੀਬ ਈ ਰਿਕਸ਼ਾ ਚਲਦਾ ਹੈ ਅਤੇ ਇਸ ’ਤੇ ਲੱਖਾਂ ਦੀ ਤਦਾਦ ਚ ਲੋਕ ਨਿਰਭਰ ਹਨ ਪਰ ਬੀਤੇ ਦਿਨਾਂ ਦੇ ਅੰਦਰ ਲੁਧਿਆਣਾ ਦੇ ਵਿਚ ਆਟੋ ਚਾਲਕਾਂ ਤੇ ਈ ਰਿਕਸ਼ਾ ਚਾਲਕਾਂ ਦੇ ਵੱਡੇ ਚਲਾਨ ਕਟੇ ਗਏ ਹਨ।
ਆਟੋ ਚਾਲਕ ਰਾਹੁਲ ਨੇ ਦੱਸਿਆ ਕਿ ਉਸ ਦਾ 25 ਹਜ਼ਾਰ ਦਾ ਚਲਾਨ ਹੋਇਆ ਹੈ, ਉਹ ਇਨ੍ਹੇ ਪੈਸੇ ਨਹੀਂ ਦੇ ਸਕਦਾ ਇਕ ਸੰਸਥਾ ਦੀ ਮਦਦ ਨਾਲ ਉਹ ਆਪਣੇ ਆਟੋ ਨੂੰ ਛੁਡਵਾ ਕੇ ਲਿਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜ਼ਹਿਰ ਖਾਣ ਦੇ ਹਾਲਾਤ ਬਣੇ ਹੋਏ ਹਨ। ਵੋਟਾਂ ਸਮੇਂ ਤਾਂ ਸਾਨੂੰ ਭਰਮਾ ਕੇ ਵੋਟਾਂ ਲਾਈਆਂ ਪਰ ਮੁੜ ਕੇ ਸਾਡੀ ਸਾਰ ਸਰਕਾਰ ਨੇ ਨਹੀਂ ਲਈ।
ਵਾਅਦੇ ਨਹੀਂ ਹੋਏ ਪੂਰੇ: ਆਟੋ ਚਾਲਕਾਂ ਦੇ ਨਾਲ ਆਟੋ ਯੂਨੀਅਨ ਦੇ ਪ੍ਰਧਾਨ ਨੇ ਵੀ ਕਿਹਾ ਹੈ ਕਿ ਸਰਕਾਰ ਨੇ ਸਾਡੇ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਇਥੋਂ ਤੱਕ ਕੇ ਸਾਨੂੰ ਜੋ ਸਸਤੀ ਕਣਕ ਮਿਲਦੀ ਸੀ ਉਹ ਵੀ ਸਰਕਾਰ ਬੰਦ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਸਮਾਂ ਦਿੱਤਾ ਹੈ ਠੀਕ ਹੈ ਜੇਕਰ ਉਹ ਹੋਰ ਸਮਾਂ ਲੈਣਾ ਚਾਹੁੰਦੇ ਹਨ, ਪਰ ਸਾਡੇ ਆਟੋ ਚਾਲਕਾਂ ਨੂੰ ਜੋ ਪ੍ਰਸ਼ਾਸ਼ਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਡੇ-ਵੱਡੇ ਚਲਾਨ ਕੱਟੇ ਜਾ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਸਰਕਾਰ ਨੂੰ ਜਾਣਕਾਰੀ ਵੀ ਦੇ ਚੁੱਕੇ ਨੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਦਿੱਲੀ ਮਾਡਲ ਦੀ ਗੱਲ ਕੀਤੀ ਸੀ ਅਤੇ ਆਟੋ ਚਾਲਕਾਂ ਦੀ ਬਾਂਹ ਫੜਨ ਦਾ ਭਰੋਸਾ ਜਤਾਇਆ ਸੀ ਪਰ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੈ।
ਗੁਜਰਾਤ ਜਾਣ ਦੀ ਚਿਤਾਵਨੀ: ਆਟੋ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਸਬੰਧ ਨਹੀਂ ਰੱਖਦੇ ਪਰ ਉਨ੍ਹਾਂ ਨੂੰ ਆਸ ਸੀ ਕਿ ਰਵਾਇਤੀ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰੇਗੀ, ਇਸ ਕਰਕੇ ਉਨ੍ਹਾਂ ਨੇ ਵਧ-ਚੜ੍ਹ ਕੇ ਉਹਨਾਂ ਪੰਜਾਬ ਦੇ ਵਿੱਚ ਆਪਣਾ ਹੁੰਗਾਰਾ ਦਿੱਤਾ ਸੀ ਪਰ ਹੁਣ ਉਹਨਾਂ ਨਾਲ ਉਹ ਸਲੂਕ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 40 ਤੋਂ 50 ਆਟੋ ਚਾਲਕਾਂ ਦਾ ਗੁਜਰਾਤ ਜਾਵਾਂਗੇ ਅਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਸਾਡਾ ਧਿਆਨ ਨਹੀਂ ਦਿੱਤਾ ਤਾਂ ਅਸੀਂ ਵਿਰੋਧ ਕਰਾਂਗੇ ਅਤੇ ਜੇਕਰ ਸਾਡੇ ਵੱਲ ਧਿਆਨ ਦਿੱਤਾ ਤਾਂ ਅਸੀਂ ਉਨ੍ਹਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ, ਇਹ ਹੁਣ ਸਰਕਾਰ ’ਤੇ ਹੀ ਨਿਰਭਰ ਹੈ।
'ਆਪ' ਦੀ ਸਫ਼ਾਈ: ਉਥੇ ਹੀ ਦੂਜੇ ਪਾਸੇ ਇਸ ਸਬੰਧੀ ਜਦੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨਾਂ ਨੂੰ ਮੇਰੀ ਅਪੀਲ ਹੈ ਉਹ ਇਕ ਵਾਰ ਆ ਕੇ ਸਾਨੂੰ ਮਿਲਣ ਅਸੀਂ ਟੈਕਸੀ ਯੂਨੀਅਨ ਦਾ ਮਸਲਾ ਵੀ ਟਰਾਂਸਪੋਰਟ ਮੰਤਰੀ ਕੋਲ ਜਾ ਕੇ ਹੱਲ ਕਰਵਾਇਆ, ਆਟੋ ਚਾਲਕਾਂ ਦਾ ਵੀ ਕਰਵਾਵਾਂਗੇ। ਚਲਾਨ ਨੂੰ ਲੈਕੇ ਉਨ੍ਹਾਂ ਕਿਹਾ ਕਿ ਭਾਵੇਂ 30 ਹਜ਼ਾਰ ਦਾ ਹੋਇਆ ਜਾਂ 3 ਹਜ਼ਾਰ ਦਾ ਕਾਨੂੰਨ ਮੁਤਾਬਿਕ ਹੀ ਹੋਇਆ ਹੋਵੇਗਾ, ਉਨ੍ਹਾਂ ਕਿਹਾ ਕਿ ਪਰ ਅਸੀਂ ਸਿਸਟਮ ਚ ਸੁਧਾਰ ਕਰ ਰਹੇਂ ਹਾਂ।
ਇਹ ਵੀ ਪੜੋ: ਭਾਰਤੀ ਸੀਮਾ 'ਤੇ ਮੁੜ ਦੇਖਿਆ ਗਿਆ ਡਰੋਨ, ਬਾਰਡਰ ਇਲਾਕੇ ਵਿੱਚ ਸਰਚ ਅਭਿਆਨ ਜਾਰੀ