ਲੁਧਿਆਣਾ: ਮਸ਼ਹੂਰ ਐਸਪੀਐਸ ਹਸਪਤਾਲ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਦੇ ਨਰਸਿੰਗ ਸਟਾਫ਼ ਵੱਲੋਂ ਹਸਪਤਾਲ ਪ੍ਰਸ਼ਾਸਨ ਦੇ ਵਿਰੁਧ ਹੀ ਮੋਰਚਾ ਖੋਲ੍ਹ ਦਿੱਤਾ ਗਿਆ। ਨਰਸਿੰਗ ਸਟਾਫ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਮੁਤਾਬਕ ਸਟਾਫ ਨਰਸਾਂ ਨੇ ਕੰਮਕਾਰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ।
ਸਟਾਫ਼ ਨਰਸਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਮਜਬੂਰ ਕਰਕੇ ਡਬਲ-ਡਬਲ ਸ਼ਿਫਟਾਂ 'ਚ ਕੰਮ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ। ਸਟਾਫ ਨਰਸਾਂ ਨੇ ਕਿਹਾ ਕਿ ਉਹ ਉਸ ਵੇਲੇ ਤੱਕ ਕੰਮ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਸਟਾਫ ਨਰਸਾਂ ਨੇ ਕਿਹਾ ਕਿ ਉਹ ਦੂਰ ਦਰਾਡੇ ਤੋਂ ਆਉਦੀਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਤੋਂ ਲਗਾਤਾਰ ਹਸਪਤਾਲ ਵੱਲੋਂ ਸ਼ਿਫਟਾਂ ਕਰਵਾਈਆਂ ਜਾਂਦੀਆਂ ਹਨ। ਨਰਸਾਂ ਨੇ ਕਿਹਾ ਕਿ ਲਗਾਤਾਰ ਸ਼ਿਫਟਾਂ ਦੇ ਬਾਵਜੂਦ ਵੀ ਉਨ੍ਹਾਂ ਦੀ ਤਨਖ਼ਾਹ ਵਿੱਚ ਨਾ ਤਾਂ ਕੋਈ ਵਾਧਾ ਕੀਤਾ ਗਿਆ ਹੈ ਤੇ ਨਾ ਹੀ ਕੋਈ ਬੋਨਸ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਦਿਨ ਰਾਤ ਮਰੀਜਾਂ ਦੀ ਸੇਵਾ ਕਰ ਰਹੇ ਹਨ, ਬਦਲੇ 'ਚ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਸਟਾਫ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਵੀ ਨਹੀਂ ਸੁਣ ਰਿਹਾ, ਜੋ ਸਟਾਫ਼ ਦੂਰ ਤੋ ਆਉਂਦਾ ਹੈ। ਇਸ ਤੋਂ ਇਲਾਵਾ ਨਰਸਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਛੁੱਟੀ ਨਹੀਂ ਮਿਲ ਰਹੀ। ਉਨ੍ਹਾਂ ਨੂੰ ਹਫਤੇ 'ਚ ਮਿਲਣ ਵਾਲੀ ਇੱਕ ਛੁੱਟੀ ਵੀ ਹਸਪਤਾਲ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੀ ਗਈ ਹੈ।