ਲੁਧਿਆਣਾ: ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਥਾਨਕ ਵਿਧਾਨ ਸਭਾ ਹਲਕਾ ਜਗਰਾਉਂ ਦੀ ਕੀਤੀ ਜਾਵੇ ਤਾਂ ਇੱਥੇ 23 ਵਾਰਡਾਂ ਦੇ ਵਿੱਚ ਵੋਟਿੰਗ ਹੋਣੀ ਹੈ। ਆਮ ਆਦਮੀ ਪਾਰਟੀ ਨੇ ਆਪਣੇ ਹੁਣ ਤੱਕ 19 ਉਮੀਦਵਾਰ ਐਲਾਨ ਕੀਤੇ ਹਨ। ਜਦੋਂ ਕਿ ਕਾਂਗਰਸ ਨੇ ਹਾਲੇ ਤੱਕ ਕੋਈ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਜਿਸ ਨੂੰ ਲੈ ਕੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਿਧਾਇਕ ਅਤੇ ਦੂਜੇ ਪਾਸੇ ਕਾਂਗਰਸ ਦੇ ਜਗਰਾਉਂ ਤੋਂ ਹਲਕਾ ਇੰਚਾਰਜ ਇੱਕ ਦੂਜੇ 'ਤੇ ਸ਼ਬਦੀ ਹਮਲੇ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਜਗਰਾਉਂ ਹਲਕੇ ਤੋਂ ਇੰਚਾਰਜ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਹੈ ਕਿ ਅਸੀਂ ਇਸ ਵਾਰ ਸਾਰੀਆਂ ਵਾਰਡਾਂ ਤੇ ਆਪਣੇ ਉਮੀਦਵਾਰ ਉਤਾਰ ਰਹੇ ਹਾਂ ਅਤੇ ਪੜ੍ਹੇ ਲਿਖੇ ਸੂਝਵਾਨ ਉਮੀਦਵਾਰਾਂ ਨੂੰ ਹੀ ਮੌਕਾ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਅਤੇ ਵਿਕਾਸ ਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਜੋ ਚੋਣਾਂ ਦਾ ਐਲਾਨ ਕੀਤਾ ਹੈ। ਵੋਟਿੰਗ ਤੋਂ ਬਾਅਦ ਨਤੀਜਿਆਂ ਲਈ ਤਿੰਨ ਦਿਨਾਂ ਦਾ ਅੰਤਰਾਲ ਰੱਖਿਆ ਜੋ ਕਿ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਇੱਕ ਵਾਰਡ ਦੇ ਵਿੱਚ ਵੱਧ ਤੋਂ ਵੱਧ 300-400 ਵੋਟਾਂ ਹਨ। ਉਨ੍ਹਾਂ ਦੀ ਗਿਣਤੀ ਲਈ ਤਿੰਨ ਦਿਨ ਦਾ ਸਮਾਂ ਸਰਕਾਰ ਨੇ ਬਿਨਾਂ ਗੱਲੋਂ ਸਮਾਂ ਵਧਾਉਣ ਲਈ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਅਤੇ ਪੰਜਾਬ ਦੇ ਰਾਜਪਾਲ ਨੂੰ ਵੀ ਮਿਲ ਚੁੱਕੇ ਹਨ।
ਆਪ ਦੀਆਂ ਹੋਣਗੀਆਂ ਜ਼ਮਾਨਤਾਂ ਜ਼ਬਤ: ਦਾਖਾ
ਉੱਧਰ ਦੂਜੇ ਪਾਸੇ ਜਗਰਾਓਂ ਅਤੇ ਮੁੱਲਾਂਪੁਰ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਮਲਕੀਤ ਸਿੰਘ ਦਾਖਾ ਨੇ ਕਿਹਾ ਹੈ ਕਿ ਕਲਾਂ ਨਾਲ ਵੋਟਾਂ ਨਹੀਂ ਪੈਂਦੀਆਂ ਕੰਮ ਕਰਕੇ ਦਿਖਾਉਣੇ ਪੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੱਧੇ ਉਮੀਦਵਾਰ ਤਾਂ ਭੱਜ ਜਾਣਗੇ ਜਦੋਂ ਕਿ ਬਾਕੀਆਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਕਾਂਗਰਸ ਨੇ ਵਿਕਾਸ ਕਾਪਜ ਕਰਵਾਏ ਹਨ ਅਤੇ ਪੰਜਾਬ ਸਰਕਾਰ ਲਗਾਤਾਰ ਵੱਖ ਵੱਖ ਵਾਰਡਾਂ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕਰ ਚੁੱਕੀ ਹੈ।