ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਬੈਂਸ ਨੇ ਇੱਕ ਵਾਰ ਮੁੜ ਤੋਂ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ। ਬੈਂਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਆਗੂ ਮਨਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਖੰਨਾ ਦੇ ਇੱਕ ਸ਼ਰਾਬ ਦੇ ਠੇਕੇ ਦਾ ਸਟਿੰਗ ਕਰਵਾਇਆ ਗਿਆ ਹੈ।
ਇਸ ਦੌਰਾਨ ਬੀਅਰ ਦੀਆਂ ਦੋ ਬੋਤਲਾਂ ਜਿਨ੍ਹਾਂ ਦੀ ਮਿਤੀ ਲੰਘ ਚੁੱਕੀ ਸੀ ਉਸ ਨੂੰ 150 ਰੁਪਏ ਪ੍ਰਤੀ ਬੋਤਲ ਵੇਚਿਆ ਜਾ ਰਿਹਾ ਹੈ, ਜਦੋਂ ਕਿ ਉਸ ਕੀਮਤ 135 ਰੁਪਏ ਪ੍ਰਿੰਟ ਸੀ। ਬੈਂਸ ਨੇ ਕਿਹਾ ਕਿ ਸ਼ਰਾਬ ਦੀ ਕਾਲਾਬਾਜ਼ਾਰੀ ਸ਼ਰੇਆਮ ਚੱਲ ਰਹੀ ਹੈ। ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਵੱਲੋਂ ਧਰਨਾ ਵੀ ਲਾਇਆ ਗਿਆ ਪਰ ਪੁਲਿਸ ਨੇ ਕਾਰਵਾਈ ਦੇ ਨਾਂ 'ਤੇ ਸਿਰਫ ਡੀਡੀਆਰ ਦਰਜ ਕਰ ਲਈ।
ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ 'ਚ ਸ਼ਰਾਬ ਮਾਫ਼ੀਆ ਲਗਾਤਾਰ ਸਰਗਰਮ ਹੈ ਪਰ ਇਸ ਦੇ ਬਾਵਜੂਦ ਸਰਕਾਰ ਇਨ੍ਹਾਂ 'ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੋਲ ਮੁੱਖ ਮਹਿਕਮੇ ਹਨ, ਜਿਨ੍ਹਾਂ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਬੈਂਸ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਲਗਾਤਾਰ ਵੱਧ ਫੁੱਲ ਰਿਹਾ ਹੈ, ਬਿਨ੍ਹਾਂ ਸਿਆਸੀ ਸ਼ਹਿ ਤੋਂ ਉਹ ਇਹ ਕੰਮ ਨਹੀਂ ਕਰ ਸਕਦੇ।
ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਵੱਲੋਂ ਲੁਧਿਆਣਾ ਦੇ ਮੁੰਡਿਆ ਵੱਲੋਂ ਮਾਸਕ ਨਾ ਪਾਉਣ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਵੀ ਬੈਂਸ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਫ਼ਿਕਰ ਹੈ, ਉਨ੍ਹਾਂ ਸ਼ਨੀਵਾਰ, ਐਤਵਾਰ ਨੂੰ ਲਾਏ ਗਏ ਲੌਕਡਾਊਨ ਨੂੰ ਲੈ ਕੇ ਵੀ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।
ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਵੱਲੋਂ ਸ਼ਰਾਬ ਦੇ ਠੇਕੇ 'ਤੇ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਪਰ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ 'ਤੇ ਕੰਮ ਕਰਨ ਵਾਲੇ ਕਾਰਕੁਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਪਲਾਈ ਲਈ ਗੱਡੀ ਆਉਂਦੀ ਹੈ ਅਤੇ ਉਹ ਇਸ ਦਾ ਬਿਲ ਵੀ ਨਹੀਂ ਦੇ ਸਕਦੇ ਹਨ।