ਲੁਧਿਆਣਾ: ਬੀਜ ਘੁਟਾਲੇ ਮਾਮਲੇ ਦੇ ਵਿੱਚ ਗਠਿਤ ਐਸਆਈਟੀ ਵੱਲੋਂ ਬਰਾੜ ਸੀਡ ਸਟੋਰ ਦੇ ਮਾਲਿਕ ਹਰਵਿੰਦਰ ਸਿੰਘ ਉਰਫ਼ ਬੱਚਾ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ-1 ਦੇ ਬਾਹਰ ਬਰਾੜ ਬੀਜ ਸਟੋਰ ਦਾ ਲਾਈਸੈਂਸ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ
ਲੁਧਿਆਣਾ ਦੇ ਡੀਸੀਪੀ ਅਸ਼ਵਨੀ ਕਪੂਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਦਿੰਦਿਆਂ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਬਰਾੜ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ। ਡੀਸੀਪੀ ਨੇ ਕਿਹਾ ਕਿ ਕਰਨਾਲ ਐਗਰੀ ਸੀਡਸ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਲਈ ਕਰਨਾਲ ਐਗਰੀ ਸੀਡ ਕੰਪਨੀ ਦੇ ਮਾਲਕ ਨੂੰ ਵੀ ਲੁਧਿਆਣਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਾੜ ਸੀਡ ਸਟੋਰ ਦੇ ਮਾਲਕ ਤੋਂ ਪੁੱਛਗਿੱਛ ਚੱਲ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਜ਼ਿਕਰੇਖ਼ਾਸ ਹੈ ਕਿ ਇਸ ਕੇਸ ਦੇ ਵਿੱਚ 11 ਮਈ ਨੂੰ ਲੁਧਿਆਣਾ ਦੇ ਡਿਵੀਜ਼ਨ ਨੰਬਰ ਪੰਜ ਦੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਐੱਸਆਈਟੀ ਵੀ ਗਠਿਤ ਕੀਤੀ ਗਈ ਸੀ ਜਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਗਈ।