ਲੁਧਿਆਣਾ: ਜਗਰਾਉਂ ਵਿੱਚ 23 ਵਾਰਡਾਂ ਦੇ ਲਈ ਵੋਟਿੰਗ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਵਾਰਡ ਨੰਬਰ 18 ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰਾਂ ਦੇ ਐੱਸਡੀਐੱਮ ਨੇ ਨਾਮਜ਼ਦਗੀਆਂ ਹੀ ਰੱਦ ਕਰ ਦਿੱਤੀਆਂ ਸੀ। ਜਿਸ ਕਰਕੇ ਹੁਣ 20 ਵਾਰਡਾਂ 'ਤੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸੱਤਾ ਧਿਰ ਦੇ ਦਬਾਅ ਹੇਠ ਹੈ।
ਇਲਾਕੇ ਵਿੱਚ ਦਹਸ਼ਿਤ ਦਾ ਮਾਹੌਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਵਾਰਡ ਨੰਬਰ 17 ਵਿੱਚ ਉਨ੍ਹਾਂ ਦੇ ਉਮੀਦਵਾਰ ਨੂੰ ਬੀਤੀ ਰਾਤ ਡਰਾਇਆ ਧਮਕਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਜੇਕਰ ਕੋਈ ਵੀ ਗਲਤ ਕੰਮ ਕਰੇਗਾ ਤਾਂ ਉਹ ਇਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਤੇ ਹੀ ਚੋਣਾਂ ਲੜ ਰਹੀ ਹੈ ਅਤੇ ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਕਬਾੜ ਦੇ ਵਿੱਚ ਸਵੇਰ ਤੋਂ ਈਵੀਐਮ ਖ਼ਰਾਬ ਹੈ। ਇਸ ਕਰਕੇ ਉਸ ਥਾਂ ਤੇ ਸਵੇਰੇ ਤੱਕ ਕੋਈ ਵੀ ਵੋਟ ਨਹੀਂ ਭੁਗਤਾਈ ਗਈ ਸੀ ਜਦੋਂ ਕਿ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਲੈ ਕੇ ਉਨ੍ਹਾਂ ਨੇ ਸੰਤੁਸ਼ਟੀ ਜਤਾਈ ਹੈ।