ਲੁਧਿਆਣਾ: ਜਲੰਧਰ ਬਾਈਪਾਸ ਸਥਿਤ ਮਲਹੋਤਰਾ ਰਿਜ਼ੋਰਟ ਨੇੜੇ ਮੰਗਲਵਾਰ ਨੂੰ ਇੱਕ 16 ਸਾਲ ਦੇ ਨਾਬਾਲਗ ਨੂੰ ਅਗਵਾ ਕਰ ਉਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਗਵਾ ਕਰਨ ਵਾਲਿਆਂ ਨੇ 50 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਮੁੰਡੇ ਦੇ ਮਾਪਿਆਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ, ਪੁਲਿਸ ਨੇ ਵੀ ਅਗਵਾ ਕਰਨ ਵਾਲਿਆਂ ਨੂੰ ਫੜ੍ਹਨ ਲਈ ਪੂਰਾ ਜਾਲ ਵਿਛਾ ਲਿਆ। ਇਸ ਦੌਰਾਨ ਪੁਲਿਸ ਦੇ ਹੱਥ 2 ਮੁਲਜ਼ਮ ਤਾਂ ਲੱਗੇ ਪਰ ਉਹ ਅਗਵਾ ਮੁੰਡੇ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੋਏ। ਦੱਸਣਯੋਗ ਹੈ ਕਿ ਪੁਲਿਸ ਨੂੰ ਮੁੰਡੇ ਦੀ ਲਾਸ਼ ਦੇਰ ਸ਼ਾਮ ਹੁਸੈਨਪੁਰ ਖੇਤਰ ਤੋਂ ਮਿਲੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਸਵੇਰ ਤੋਂ ਹੀ 16 ਸਾਲ ਦਾ ਪ੍ਰੀਤ ਵਰਮਾ ਆਪਣੇ ਘਰ ਤੋਂ ਗੁੰਮ ਸੀ, ਕਈ ਸਮੇਂ ਤੱਕ ਲੱਭਣ ਤੋਂ ਬਾਅਦ ਵੀ ਉਸਦੇ ਮਾਪਿਆਂ ਨੂੰ ਉਸ ਦੀ ਕੋਈ ਸੁੰਹ ਨਹੀਂ ਲੱਗੀ ਆਖ਼ਿਰ 'ਚ ਮਾਪਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ 'ਚ ਕਰਵਾਈ। ਇਸ ਦੌਰਾਨ ਮਾਪਿਆਂ ਨੂੰ ਪ੍ਰੀਤ ਦੇ ਫੋਨ ਤੋਂ ਹੀ ਫਿਰੌਤੀ ਲਈ ਫੋਨ ਆਇਆ। ਅਗਵਾ ਕਰਨ ਵਾਲਿਆਂ ਨੇ ਮਾਪਿਆਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਜਾਲ ਵਿਛਾ ਕੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਉਹ ਬੱਚੇ ਨੂੰ ਨਹੀਂ ਬਚਾ ਪਾਏ। ਐੱਸਐੱਚਓ ਨੇ ਕਿਹਾ ਕਿ ਅਗਵਾ ਕਰਨ ਵਾਲੇ ਪਹਿਲਾਂ ਹੀ ਪ੍ਰੀਤ ਦਾ ਕਤਲ ਕਰ ਚੁੱਕੇ ਸਨ। ਉੱਧਰ ਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ 'ਚ ਸ਼ਿਕਾਇਤ ਕੀਤੀ ਗਈ।