ਲੁਧਿਆਣਾ: ਸ਼ਹਿਰ ਵਿੱਚ ਇੱਕ ਮਾਂ ਅਤੇ ਬੇਟੇ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਮਾਲਕ ਉੱਤੇ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ।
ਇਸ ਬਾਰੇ ਦੱਸਦੇ ਹੋਏ ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦਾ ਨਾਂਅ ਜਸਬੀਰ ਕੌਰ ਸੀ। ਜਸਬੀਰ ਅਤੇ ਉਸ ਦਾ ਪੁੱਤਰ ਇਸ ਨਿੱਜੀ ਹਸਪਤਾਲ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਹਸਪਤਾਲ ਦੇ ਮਾਲਕ ਕੋਲੋਂ ਕੁਝ ਰੁਪਏ ਅਡਵਾਂਸ ਲਏ ਸਨ, ਪਰ ਆਰਥਕ ਹਾਲਾਤ ਸਹੀ ਨਾ ਹੋਣ ਕਾਰਨ ਜਸਬੀਰ ਉਧਾਰ ਲਈ ਰਕਮ ਵਾਪਸ ਨਹੀਂ ਦੇ ਪਾ ਰਹੀ ਸੀ। ਦੂਜੇ ਪਾਸੇ ਹਸਪਤਾਲ ਦੇ ਮਾਲਕ ਵੱਲੋਂ ਅਡਵਾਂਸ ਲਏ ਰੁਪਏ ਵਾਪਸ ਮੋੜਨ ਨੂੰ ਲੈ ਕੇ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਮਾਂ ਅਤੇ ਪੁੱਤਰ ਦੋਹਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।ਪਰਿਵਾਰਕ ਮੈਂਬਰਾਂ ਵੱਲੋਂ ਜਸਬੀਰ ਕੌਰ ਦੀ ਲਾਸ਼ ਹਸਪਤਾਲ ਦੇ ਬਾਹਰ ਰੱਖ ਕੇ ਹਸਪਤਾਲ ਅਤੇ ਉਸ ਦੇ ਮਾਲਕਾਂ ਵਿਰੁੱਧ ਧਰਨਾ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਮਹਿਲਾ ਦੀ ਲਾਸ਼ ਬਰਾਮਦ ਕਰ ਲਈ ਹੈ ਪਰ ਅਜੇ ਤੱਕ ਉਸ ਦਾ ਪੁੱਤਰ ਲਾਪਤਾ ਹੈ, ਉਸ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਸੁਸਾਈਡ ਨੋਟ ਅਤੇ ਰਿਸ਼ਤੇਦਾਰਾਂ ਦੇ ਬਿਆਨ ਦੇ ਅਧਾਰ ਤੇ ਪੁਲਿਸ ਨੇ ਹਸਪਤਾਲ ਦੇ ਮਾਲਕ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਮੌਕੇ ਜ਼ਿਲ੍ਹੇ ਦੇ ਕਾਂਗਰਸੀ ਆਗੂ ਕਵੰਲਜੀਤ ਕਰਵਲ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।