ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਅਜਿਹੇ 'ਚ ਸਰਕਾਰ ਵੱਲੋਂ ਉਸਾਰੀਆਂ ਦੀ ਕੁੱਝ ਹੱਦ ਤੱਕ ਆਗਿਆ ਦੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੱਡੀ ਤਦਾਦ 'ਚ ਰਾਜ ਮਿਸਤਰੀ ਕੰਮ ਨਾ ਮਿਲਣ ਕਰਕੇ ਪ੍ਰੇਸ਼ਾਨ ਹਨ। ਰੁਜ਼ਗਾਰ ਨਾ ਹੋਣ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਔਖਾ ਚੱਲ ਰਿਹਾ ਹੈ। ਰਾਜ ਮਿਸਤਰੀ ਆਪਣੇ ਪੱਧਰ 'ਤੇ ਹੀ ਇੱਕ ਮਿਸਤਰੀਆਂ ਦੀ ਯੂਨੀਅਨ ਬਣਾਉਣ ਦੇ ਉਪਰਾਲੇ ਕਰ ਰਹੇ ਹਨ ਤਾਂ ਜੋ ਉਹ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਸਕਣ।
ਮਿਸਤਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਵੀ ਰਾਸ਼ਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਹਲੇ ਰਹਿਣ ਕਰਕੇ ਉਹ ਪ੍ਰੇਸ਼ਾਨ ਹੋ ਗਏ ਹਨ ਹੁਣ ਤਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਔਖਾ ਹੋ ਰਿਹਾ ਹੈ।
ਰਾਜ ਮਿਸਤਰੀਆਂ ਵੱਲੋਂ ਆਪਣੇ ਪੱਧਰ 'ਤੇ ਇੱਕ ਯੂਨੀਅਨ ਬਣਾਉਣ ਦੀ ਵੀ ਗੱਲ ਆਖੀ ਜਾ ਰਹੀ ਹੈ ਪਰ ਫਿਲਹਾਲ ਉਨ੍ਹਾਂ ਦੀ ਯੂਨੀਅਨ ਰਜਿਸਟਰ ਨਹੀਂ ਹੋਈ ਹੈ। ਇਸ ਕਰਕੇ ਇਨਸਾਫ਼ ਲਈ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਰਾਜ ਮਿਸਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਉਸਾਰੀਆਂ ਦੇ ਕੰਮ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਸਕੇ।
ਈਟੀਵੀ ਭਾਰਤ ਦੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਅਸੀਂ ਲੇਬਰ, ਗਰੀਬ ਲੋਕਾਂ ਦਾ ਦਰਦ ਤੇ ਆਰਥਿਕ ਮੰਦੀ ਝੱਲ ਰਹੇ ਉਨ੍ਹਾਂ ਸਾਰਿਆਂ ਲੋਕਾਂ ਦਾ ਦਰਦ ਸਰਕਾਰ ਤੱਕ ਪਹੁੰਚਾਈਏ ਤਾਂ ਜੋ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਦੇ ਕੰਨ ਤੱਕ ਇਨ੍ਹਾਂ ਗ਼ਰੀਬ ਲੋਕਾਂ ਦੀ ਆਵਾਜ਼ ਪਹੁੰਚ ਸਕੇ।