ਲੁਧਿਆਣਾ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਫੈਸਲਾ ਜਾਰੀ ਕਰਦੇ ਹੋਏ ਬੱਚਿਆ ਦੇ ਮਾਪਿਆ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਸਕੂਲ ਫੀਸ ਨੂੰ ਅਦਾ ਕਰਨ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮਾਪਿਆਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਜੇ ਸਕੂਲ ਗਏ ਹੀ ਨਹੀਂ ਤਾਂ ਉਹ ਕਿਸ ਗੱਲ ਦੀ ਫੀਸ ਜਮ੍ਹਾ ਕਰਵਾਉਣਗੇ।
ਇਸ ਮਾਮਲੇ 'ਚ ਟੀਟੂ ਬਾਣੀਆਂ ਵੀ ਲਗਾਤਾਰ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਟੀਟੂ ਬਾਣੀਆਂ ਮੁੱਲਾਂਪੁਰ ਚੌਕ 'ਚ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਸਿੱਖਿਆ ਮੰਤਰੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਿਰੁੱਧ ਧਰਨਾ ਦੇ ਰਹੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਲਈ ਉਨ੍ਹਾਂ ਨੇ ਅੱਖਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨਾਲੋਂ ਤਾਂ ਬਾਦਲ ਦੀ ਸਰਕਾਰ ਚੰਗੀ ਸੀ।
ਟੀਟੂ ਬਾਣੀਆ ਨੇ ਕਿਹਾ, "ਕੁਝ ਦਿਨ ਲਈ ਮੈਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਾ ਦਿੱਤਾ ਜਾਵੇ ਤਾਂ ਫਿਰ ਵੇਖੋ ਕਿਵੇਂ ਨਿੱਜੀ ਸਕੂਲ ਮਾਫ਼ੀਏ ਨੂੰ ਮੈਂ ਅੱਗੇ ਅੱਗੇ ਲਾਉਂਦਾ ਹਾਂ।" ਟੀਟੂ ਬਾਣੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਾ ਕਰਵਾਓ ਕਿਉਂਕਿ ਨਿੱਜੀ ਸਕੂਲਾਂ ਵੱਲੋਂ ਲੁੱਟ ਖਸੁੱਟ ਕਰਨ ਦਾ ਇਹ ਇੱਕ ਨਵਾਂ ਜ਼ਰੀਆ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਇੱਕ ਸਾਲ ਬੱਚਿਆਂ ਦਾ ਭਵਿੱਖ ਖ਼ਰਾਬ ਹੁੰਦਾ ਹੈ ਤਾਂ ਕੋਈ ਗੱਲ ਨਹੀਂ। ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰ ਅੱਖਾਂ ਮੀਚੀ ਬੈਠੀ ਹੈ ਅਤੇ ਛੋਟੇ ਛੋਟੇ ਵਿਦਿਆਰਥੀ ਆਪਣੀਆਂ ਫੀਸਾਂ ਨੂੰ ਲੈ ਕੇ ਚਿੰਤਤ ਨੇ ਤੇ ਮਾਪੇ ਪਰੇਸ਼ਾਨ ਹਨ।