ਲੁਧਿਆਣਾ: ਸਮਾਜ ਦਾ ਹਿੱਸਾ ਹੁੰਦੇ ਹੋਏ ਵੀ ਟ੍ਰਾਂਸਜੈਂਡਰਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਵੱਖਰਾ ਹੈ। ਸਾਲ 2018 ਵਿੱਚ ਸਰਕਾਰ ਵੱਲੋਂ ਕਿੰਨਰਾਂ ਨੂੰ ਤੀਜੇ ਲਿੰਗ ਵਜੋਂ ਵੱਖਰੀ ਪਛਾਣ ਮਿਲੀ। ਇਸ ਤੋਂ ਬਾਅਦ ਸਰਕਾਰ ਵੱਲੋਂ ਕਿੰਨਰ ਸਮਾਜ ਦੇ ਲੋਕਾਂ ਦੇ ਮੁੜ ਵਸੇਵੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਕੜੀ 'ਚ ਲੁਧਿਆਣਾ ਦੀ ਮਹੰਤ ਮੋਹਿਨੀ ਨੂੰ ਕੌਮੀ ਲੋਕ ਅਦਾਲਤ 'ਚ ਪਹਿਲੀ ਟਰਾਂਸਜੈਂਡਰ ਮੈਂਬਰ ਵਜੋਂ ਚੁੱਣਿਆ ਗਿਆ ਹੈ। ਕੌਮੀ ਲੋਕ ਅਦਾਲਤ 'ਚ ਮੈਂਬਰ ਚੁਣੀ ਜਾਣ ਵਾਲੀ ਮੋਹਿਨੀ ਕੋਈ ਆਮ ਟਰਾਂਸਜੈਂਡਰ ਨਹੀਂ ਸਗੋਂ ਪੜ੍ਹੀ ਲਿੱਖੀ ਤੇ ਹੋਰਨਾਂ ਲੋਕਾਂ ਦੀ ਮਦਦ ਕਰਨ ਵਾਲੀ ਸ਼ਖਸੀਅਤ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮੋਹਿਨੀ ਨੇ ਆਪਣੀ ਜ਼ਿੰਦਗੀ ਦੇ ਕਈ ਰੰਗ ਸਾਂਝੇ ਕੀਤੇ। ਮੋਹਿਨੀ ਨੇ ਦੱਸਿਆ ਕਿ ਉਹ ਮਹਿਜ 13 ਸਾਲ ਦੀ ਜਦ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਕਿੰਨਰਾਂ ਦੇ ਡੇਰੇ ਵਿੱਚ ਆ ਗਈ ਸੀ। ਇੱਥੇ ਉਸ ਨੇ ਕਿੰਨਰ ਸਮਾਜ ਦਾ ਸੱਭਿਆਚਾਰ, ਨੱਚਣਾ-ਗਾਉਣਾ, ਲੋਕਾਂ ਦੇ ਘਰ ਵਧਾਈ ਲੈਣ ਜਾਣਾ ਆਦਿ ਸਿੱਖਿਆ। ਇਸ ਤੋਂ ਬਾਅਦ ਉਸ ਨੇ ਡੇਰੇ ਤੋਂ ਲੁੱਕ ਕੇ ਅਤੇ ਕਈ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਪੜ੍ਹਾਈ ਪੂਰੀ ਕੀਤੀ। ਮੋਹਿਨੀ ਨੇ ਪ੍ਰਾਈਵੇਟ ਤੌਰ 'ਤੇ ਦਸਵੀਂ, ਬਾਰ੍ਹਵੀਂ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ। ਮੌਜੂਦਾ ਸਮੇਂ ਵਿੱਚ ਮੋਹਿਨੀ ਕੌਮੀ ਲੋਕ ਅਦਾਲਤ 'ਚ ਮੈਂਬਰ ਵਜੋਂ ਆਪਣੀ ਸੇਵਾਵਾਂ ਦੇ ਰਹੀ ਹੈ ਅਤੇ ਇਸ ਦੇ ਨਾਲ- ਨਾਲ ਪੀਐਚਡੀ ਵੀ ਕਰ ਰਹੀ ਹੈ। ਮੋਹਿਨੀ ਨੇ ਕਿਹਾ ਕਿ ਉਹ ਬੇਹਦ ਖੁਸ਼ ਹੈ, ਪੀਐਚਡੀ ਕਰਨ ਮਗਰੋਂ ਉਹ ਮਹੰਤ ਮੋਹਿਨੀ ਤੋਂ ਡਾ. ਮੋਹਿਨੀ ਬਣ ਜਾਵੇਗੀ।
ਮਹੰਤ ਮੋਹਿਨੀ ਨੇ ਦੱਸਿਆ ਕਿ ਸਾਲ 2012 'ਚ ਉਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਸ਼ੁਰੂ ਕੀਤੀ। ਇਸ ਰਾਹੀਂ ਉਹ ਆਪਣੀ ਟੀਮ ਨਾਲ ਮਿਲ ਕੇ ਟਰਾਂਸਜੈਂਡਰ ਵਰਗ ਦੇ ਲੋਕਾਂ ਨੂੰ ਚੰਗੀ ਸਿੱਖਿਆ ਹਾਸਲ ਕਰਨ, ਸਮਾਜ ਸੇਵਾ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦਾ ਕੰਮ ਕਰਦੇ ਹਨ। ਮੋਹਿਨੀ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਟ੍ਰਾਂਸਜੈਂਡਰਾਂ ਵਰਗ ਲਈ ਵੱਖ-ਵੱਖ ਅਦਾਰਿਆਂ 'ਚ ਨੌਕਰੀਆਂ ਲਈ ਵਿਸ਼ੇਸ਼ ਸੀਟਾਂ ਰਾਖਵੀਆਂ ਕਰਨ ਤਾਂ ਜੋ ਟ੍ਰਾਂਸਜੈਂਡਰਾਂ ਵਰਗ ਦੇ ਲੋਕ ਉੱਚ ਸਿੱਖਿਆ ਲਈ ਪ੍ਰੇਰਤ ਹੋ ਸਕਣ। ਇਸ ਵਰਗ ਦੇ ਲੋਕ ਚੰਗਾ ਜੀਵਨ ਬਤੀਤ ਕਰ ਸਕਣ ਅਤੇ ਉਨ੍ਹਾਂ ਨੂੰ ਸਮਾਜ 'ਚ ਆਮ ਲੋਕਾਂ ਵਾਂਗ ਹੀ ਇੱਜ਼ਤ ਤੇ ਮਾਣ ਮਿਲ ਸਕੇ।