ਲੁਧਿਆਣਾ: ਫੀਲਡਗੰਜ ਇਲਾਕੇ ਵਿੱਚ 5 ਮੰਜ਼ਿਲਾ ਇਮਾਰਤ 'ਚ ਛਾਪੇਮਾਰੀ ਕਰਕੇ ਪੁਲਿਸ ਨੇ ਲੱਖਾਂ ਰੁਪਏ ਦੇ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਦੱਸਣਯੋਗ ਹੈ ਕਿ ਖਿਡੌਣਿਆਂ ਦੀ ਦੁਕਾਨ ਦੀ 5ਵੀਂ ਮੰਜ਼ਿਲ 'ਤੇ ਪਟਾਕੇ ਸਟੋਰ ਕਰਕੇ ਰੱਖੇ ਗਏ ਸਨ। ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਦੁਕਾਨ ਦੇ ਮਾਲਕ ਕੋਲ ਪਟਾਕੇ ਵੇਚਣ ਦਾ ਲਾਇਸੈਂਸ ਨਹੀਂ ਸੀ ਜਿਸ ਕਰਕੇ ਮੁਲਜ਼ਮ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪਟਾਕੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਦੇ ਪਟਾਕਿਆਂ ਦਾ ਜ਼ਖ਼ੀਰਾ ਲੁਧਿਆਣਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਾਕਿਆਂ ਦੀ ਕੀਮਤ ਲਗਭਗ 50 ਲੱਖ ਰੁਪਏ ਦੇ ਕਰੀਬ ਹੋਵੇਗੀ ਅਤੇ ਖਿਡੌਣਿਆਂ ਦੀ ਦੁਕਾਨ ਵਿੱਚ ਇਹ ਲੁਕਾ ਕੇ ਰੱਖੇ ਗਏ ਸਨ।
ਜ਼ਿਕਰਯੋਗ ਹੈ ਕਿ ਰਿਹਾਇਸ਼ੀ ਇਲਾਕੇ ਤੇ ਭੀੜ-ਭਾੜ ਵਾਲੇ ਮਾਰਕੀਟ ਵਿੱਚ ਪਟਾਕੇ ਸਟੋਰ ਕਰਨਾ ਗੈਰ-ਕਨੂੰਨੀ ਹੈ ਅਤੇ ਇਹ ਨਿਯਮ ਤੋੜਨ ਵਾਲੇ ਵਿਰੁੱਧ ਸਖ਼ਤ ਸਜ਼ਾ ਦੀ ਤਜਵੀਜ਼ ਵੀ ਰੱਖੀ ਗਈ ਹੈ।