ਲੁਧਿਆਣਾ: ਪੰਜਾਬ ਪੁਲਿਸ ਦੇ ਜਵਾਨ ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਤੋਂ ਲੜਨ ਲਈ ਫਰੰਟ ਲਾਈਨ 'ਤੇ ਅੱਗੇ ਆ ਕੇ ਆਪਣੀ ਡਿਊਟੀ ਨਿਭਾ ਰਹੇ ਹਨ। ਉੱਥੇ ਹੀ ਹੁਣ ਇਹ ਪੁਲਿਸ ਮੁਲਾਜ਼ਮ ਕੋਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਵੀ ਕਰ ਰਹੇ ਹਨ। ਲੁਧਿਆਣਾ ਵਿੱਚ 3 ਪੁਲਿਸ ਮੁਲਾਜ਼ਮ ਹੁਣ ਤੱਕ ਆਪਣਾ ਪਲਾਜ਼ਮਾ ਦੇ ਚੁੱਕੇ ਹਨ।
70 ਤੋਂ ਵੱਧ ਪੁਲਿਸ ਮੁਲਾਜ਼ਮ ਆਪਣਾ ਪਲਾਜ਼ਮਾਂ ਦੇਣ ਲਈ ਤਿਆਰ ਹਨ। ਇਸ ਸਬੰਧੀ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਜੇ. ਏਲਨਚੇਜ਼ੀਅਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਪਲਾਜ਼ਮਾ ਦੀ ਲੋੜ ਹੈ ਤਾਂ ਉਹ ਹੈਲਪਲਾਈਨ 'ਤੇ ਕਾਲ ਕਰ ਸਕਦੇ ਹਨ।
ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਹੁਣ ਤੱਕ ਆਪਣਾ ਪਲਾਜ਼ਮਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ 70 ਪੁਲਿਸ ਮੁਲਾਜ਼ਮ ਪਲਾਜ਼ਮਾ ਦੇਣ ਦੇ ਇਛੁੱਕ ਹਨ। ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਮਦਦ ਲਈ ਹੈਲਪਲਾਇਨ ਨੰਬਰ 78270-18500 ਜਾਰੀ ਕੀਤਾ ਗਿਆ ਹੈ ਜਿੱਥੇ ਫੋਨ ਕਰਕੇ ਮਦਦ ਲਈ ਜਾ ਸਕਦੀ ਹੈ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਰਤੇ ਹਨ। ਉਹ ਆਪਣਾ ਪਲਾਜ਼ਮਾ ਜ਼ਰੂਰ ਦਾਨ ਕਰਨ ਤਾਂ ਜੋ ਹੋਰਨਾਂ ਮਰੀਜ਼ਾਂ ਦੀਆਂ ਵੀ ਜ਼ਿੰਦਗੀਆਂ ਬਚਾਈਆਂ ਜਾ ਸਕਣ।