ਲੁਧਿਆਣਾ : ਆਏ ਦਿਨ ਪੰਜਾਬ 'ਚ ਸਾਈਬਰ ਕ੍ਰਾਇਮ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੰਜਾਬ 'ਚ ਲਗਾਤਾਰ ਵੱਧ ਰਹੇ ਸਾਈਬਰ ਕ੍ਰਾਇਮ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਈਬਰ ਸੈੱਲ ਲੁਧਿਆਣਾ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾਂ ਸਾਈਬਰ ਕ੍ਰਾਇਮ ਤੇ ਆਨਲਾਈਨ ਠੱਗੀ ਸਬੰਧੀ ਕਈ ਸ਼ਿਕਾਇਤਾਂ ਆਉਂਦੀਆਂ ਹਨ। ਇਸ ਨੂੰ ਮੱਦੇਨਜ਼ਰ ਰੱਖਦਿਆਂ ਲੁਧਿਆਣਾ ਪੁਲੀਸ ਕਮਿਸ਼ਨਰੇਟ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਤਹਿਤ ਲੋਕਾਂ ਨੂੰ ਆਨਲਾਈਨ ਠੱਗੀ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਅਜਿਹੀਆਂ ਠੱਗੀਆਂ ਤੋਂ ਬਚ ਸਕਣ।
ਏਡੀਸੀਪੀ ਨੇ ਦੱਸਿਆ ਕਿ ਇਸ ਦੇ ਤਹਿਤ ਸਾਈਬਰ ਸੈੱਲ ਵੱਲੋਂ ਸ਼ਹਿਰ ਭਰ 'ਚ ਹੋਰਡਿੰਗਸ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਅਪਰਾਧਿਆਂ ਵੱਲੋਂ ਵੱਖ-ਵੱਖ ਤਰੀਕੀਆਂ ਰਾਹੀਂ ਕੀਤੀ ਜਾਣ ਵਾਲੀ ਠੱਗੀਆਂ, ਮਹਿਲਾਵਾਂ ਨਾਲ ਹੋਣ ਵਾਲੇ ਸਾਈਬਰ ਕ੍ਰਾਇਮ, ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੇ ਲਈ ਪੁਲਿਸ ਵਿਭਾਗ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਪ੍ਰਚਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਹਰਾਸਮੈਂਟ ਦਾ ਸਭ ਤੋਂ ਜਿਆਦਾ ਸ਼ਿਕਾਰ ਬੱਚੇ ਤੇ ਔਰਤਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸਾਈਬਰ ਅਪਰਾਧੀ ਆਨਲਾਈਨ ਸ਼ਾਪਿੰਗ ਤੇ ਡੇਟਿੰਗ ਕਰਨ ਵਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੇ ਪੁਲਿਸ ਨੇ ਆਨਲਈਨ ਠੱਗੀ ਮਾਰਨ ਵਾਲੇ ਕੁੱਝ ਮੁਲਜ਼ਮਾਂ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੰਜਾਬ ਸਣੇ ਦੇਸ਼ ਦੇ ਹੋਰਨਾਂ ਕਈ ਸੂਬਿਆਂ 'ਚ ਆਨਲਾਈਨ ਠੱਗੀ ਕੀਤੀ ਸੀ।
ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਲੋਕਾਂ ਨੂੰ ਆਨਲਾਈਨ ਸ਼ੌਪਿੰਗ, ਡੇਟਿੰਗ ਤੇ ਚੈਟਿੰਗ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸ਼ਾਪਿੰਗ, ਸੋਸ਼ਲ ਮੀਡੀਆ 'ਤੇ ਡੇਟਿੰਗ ਅਤੇ ਬੈਂਕ ਸਬੰਦੀ ਕੰਮ ਕਰਦਿਆਂ ਵਿਸ਼ੇਸ਼ ਸਾਵਧਾਨੀ ਵਰਤਣਗੇ ਤਾਂ ਉਹ ਅਜਿਹੇ ਅਪਰਾਧਾਂ ਤੋਂ ਬੱਚ ਸਕਦੇ ਹਨ।