ਲੁਧਿਆਣਾ: ਫੋਕਲ ਪੁਆਇੰਟ ਫੇਸ 7 ਵਿੱਚ ਲੱਗੀ ਅੱਗ 'ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ। ਤੇਜ਼ ਹਵਾ ਚੱਲਣ ਕਾਰਨ ਇਹ ਅੱਗ ਹੋਰ ਫੈਲ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਾਈਕਲ ਫੈਕਟਰੀ ਦੇ ਨਾਲ ਲਗਦੀ ਟਾਇਰਾਂ ਦੀ ਇੱਕ ਫੈਕਟਰੀ ਵੀ ਅੱਗ ਦੀ ਲਪੇਟ 'ਚ ਆ ਗਈ ਹੈ। ਦੱਸਿਆ ਦਾ ਰਿਹਾ ਹੈ ਕਿ ਦੂਜੀ ਟਾਇਰ ਫੈਕਟਰੀ 'ਚ ਵੱਡੀ ਤਦਾਦ 'ਚ ਰਬੜ ਦੇ ਟਾਇਰ ਅਤੇ ਰਾਅ ਮਟੀਰੀਅਲ ਪਏ ਹੋਏ ਹਨ।
ਮੌਕੇ 'ਤੇ ਨਗਰ ਨਿਗਮ ਅਤੇ ਉੱਚ ਅਧਿਕਾਰੀ ਵੀ ਜਾਇਜ਼ਾ ਲੈਣ ਪਹੁੰਚ ਗਏ ਹਨ। ਨਿਗਮ ਦੀ ਜ਼ੋਨਲ ਅਫਸਰ ਨੇ ਦੱਸਿਆ ਕਿ ਲੁਧਿਆਣਾ ਫਾਇਰ ਬ੍ਰਿਗੇਡ ਕੋਲ ਅੱਗ ਬੁਝਾਉਣ ਦੀ ਸਮਰਥਾ ਹੈ, ਲੋੜ ਪੈਣ ਤੋਂ ਹਲਵਾਰਾ ਅਤੇ ਸਾਹਨੇਵਾਲ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਜਾਣਗੀਆਂ।
ਨਗਰ ਨਿਗਮ ਦੀ ਜ਼ੋਨਲ ਅਫ਼ਸਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਇੱਕ ਵਾਰ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ, ਪਰ ਸ਼ਾਮ ਦੇ ਸਮੇਂ ਹਵਾ ਤੇਜ਼ੀ ਨਾਲ ਚੱਲਣ ਕਾਰਨ ਅੱਗ ਮੁੜ ਤੋਂ ਸੁਲਗ ਗਈ ਅਤੇ ਫੈਕਟਰੀ ਵਿੱਚ ਮੁੜ ਤੋਂ ਫੈਲ ਗਈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਬੁਝਾਊ ਅਮਲਾ ਪੂਰੀ ਤਰ੍ਹਾਂ ਅੱਗ 'ਤੇ ਕਾਬੂ ਪਾਉਣ 'ਚ ਲੱਗਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਾਈਕਲ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਵੀਰਵਾਰ ਦੁਪਹਿਰ 1 ਵਜੇਂ ਤੋਂ ਹੀ ਭਿਆਨਕ ਅੱਗ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਲਗਾਤਾਰ ਅੱਗ 'ਤੇ ਕਾਬੂ ਪਾਉਣ 'ਚ ਲੱਗੀਆਂ ਹੋਈਆਂ ਹਨ।