ਲੁਧਿਆਣਾ: ਬੀਤੇ ਦਿਨੀਂ ਕੁਝ ਅਖ਼ਬਾਰਾਂ ਚ ਲੁਧਿਆਣਾ ਦੇ ਫੋਰਟਿਸ ਹਸਪਤਾਲ ਚ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਉਣ ਦੀਆਂ ਖਬਰਾਂ ਦਾ ਲੁਧਿਆਣਾ ਦੇ ਸਿਵਲ ਸਰਜਨ ਸਿਰੇ ਤੋਂ ਖੰਡਨ ਕੀਤਾ ਹੈ ਉਨ੍ਹਾਂ ਕਿਹਾ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 5 ਮਰੀਜ਼ ਹੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪੰਜਾਬ ਦਾ ਨਾਂਅ ਨਹੀਂ ਹੈ।
ਸਿਵਲ ਸਰਜਨ ਨੇ ਦੱਸਿਆ ਕਿ 89 ਹਜ਼ਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 80 ਹਜ਼ਾਰ ਇਕੱਲੇ ਚਾਈਨਾ 'ਚ ਹਨ ਅਤੇ ਬਾਕੀ ਦੁਨੀਆਂ ਦੇ ਹੋਰਨਾਂ ਮੁਲਕਾਂ 'ਚ। ਉਨ੍ਹਾਂ ਕਿਹਾ ਕਿ ਹੁਣ ਵਿਸ਼ਵ ਭਰ ਦੇ 65 ਮੁਲਕਾਂ ਦੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਹੈ ਜਿਨ੍ਹਾਂ 'ਚੋਂ ਭਾਰਤ ਵੀ ਇੱਕ ਹੈ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਦਿੱਲੀ, ਦੂਜਾ ਤੇਲੰਗਾਨਾ ਅਤੇ ਤਿੰਨ ਮਰੀਜ਼ ਕੇਰਲਾ ਦੇ ਵਿੱਚ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਨਜਿੱਠਣ ਲਈ ਕੀਤੀਆਂ ਤਿਆਰੀਆਂ
ਉਨ੍ਹਾਂ ਕਿਹਾ ਕਿ ਪੰਜਾਬ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਖ਼ਾਸ ਕਰਕੇ ਜੋ ਵੀ ਬਾਹਰੋਂ ਯਾਤਰਾ ਕਰਕੇ ਆਉਂਦੇ ਹਨ, ਉਨ੍ਹਾਂ 'ਤੇ ਖ਼ਾਸ ਨਜ਼ਰ ਰੱਖੀ ਜਾਂਦੀ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਹੱਥ ਮਿਲਾਉਣ ਨਾਲੋਂ ਸਤਿ ਸ੍ਰੀ ਅਕਾਲ, ਨਮਸਤੇ ਕਹਿਣਾ ਹੀ ਚੰਗਾ ਦੱਸਿਆ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੈਂਡਵਾਸ਼ ਕਰੋ ਅਤੇ ਜੋ ਵੀ ਖਾਂਸੀ ਜ਼ੁਕਾਮ ਦਾ ਮਰੀਜ਼ ਹੈ ਉਸ ਤੋਂ ਇੱਕ ਮੀਟਰ ਦੀ ਦੂਰੀ ਬਣਾਈ ਰੱਖੋ।
ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਵੱਖ-ਵੱਖ ਅਫ਼ਵਾਹਾਂ ਦਾ ਸਿਵਲ ਸਰਜਨ ਲੁਧਿਆਣਾ ਨੇ ਖੰਡਨ ਕੀਤਾ ਉੱਥੇ ਹੀ ਉਨ੍ਹਾਂ ਪੰਜਾਬ ਸਿਹਤ ਮਹਿਕਮੇ ਦੀ ਤਿਆਰੀ ਅਤੇ ਲੋਕਾਂ ਨੂੰ ਬਿਮਾਰੀ ਸਬੰਧੀ ਜਾਗਰੂਕ ਵੀ ਕੀਤਾ।