ਲੁਧਿਆਣਾ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਚੱਲ ਰਿਹਾ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੇਸ਼ ਵਾਸੀਆਂ ਨੂੰ ਘਰ 'ਚ ਰਹਿਣ ਦਾ ਸੁਨੇਹੇ ਦੇ ਰਹੇ ਹਨ। ਅਜਿਹੇ 'ਚ ਉਹ ਆਪਣੇ ਵਰਕਰਾਂ ਦਾ ਵੀ ਪੂਰਾ ਧਿਆਨ ਰੱਖ ਰਹੇ ਹਨ। ਖਾਸ ਕਰਕੇ ਪਾਰਟੀ ਦੇ ਸੀਨੀਅਰ ਉਮਰ ਦਰਾਜ਼ ਲੀਡਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਫੋਨ ਕਰ ਰਹੇ ਹਨ।
ਲੁਧਿਆਣਾ ਦੇ ਰਹਿਣ ਵਾਲੇ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਵਿਆਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਫੋਨ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਗਿਆ। ਨਾਲ ਹੀ ਪੰਜਾਬ ਦੇ ਹਾਲਾਤਾਂ ਬਾਰੇ ਵੀ ਗੱਲਬਾਤ ਕੀਤੀ।
ਮਦਨ ਮੋਹਨ ਵਿਆਸ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਾਈਵੇਟ ਨੰਬਰ ਤੋਂ ਉਨ੍ਹਾਂ ਨੂੰ ਸਵੇਰੇ 8:45 ਤੇ ਫੋਨ ਆਇਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਪਰ ਬਾਅਦ ਵਿੱਚ ਦੁਪਹਿਰ ਨੂੰ ਮੁੜ ਤੋਂ ਉਸੇ ਨੰਬਰ ਤੋਂ ਕਾਲ ਆਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਹੋਈ। ਦੋਵਾਂ ਵਿਚਾਲੇ 1:54 ਮਿੰਟ ਤੱਕ ਗੱਲ ਹੋਈ ਅਤੇ ਪੰਜ ਸਵਾਲਾਂ ਦੇ ਜਵਾਬ ਇੱਕ ਦੂਜੇ ਨੂੰ ਦਿੱਤੇ ਜਿਸ ਵਿੱਚ ਹਾਲ ਚਾਲ, ਪੰਜਾਬ ਦੇ ਹਾਲਾਤ, ਵਰਕਰਾਂ 'ਚ ਜੋਸ਼ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਸਬੰਧੀ ਗੱਲਬਾਤ ਹੋਈ।
ਮਦਨ ਮੋਹਨ ਵਿਆਸ ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਨਾਲ ਚਾਰ ਸਾਲ ਪਹਿਲਾਂ ਹੋਈ ਸੀ। ਉਸ ਤੋਂ ਬਾਅਦ ਪੀਐੱਮ ਮੋਦੀ ਦਾ ਫੋਨ ਆਉਣ 'ਤੇ ਉਹ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫੋਨ ਨਾਲ ਸਿਰਫ ਉਨ੍ਹਾਂ ਦਾ ਹੀ ਨਹੀਂ ਸਗੋਂ ਭਾਜਪਾ ਦੇ ਪੁਰਾਣੇ ਅਤੇ ਸੀਨੀਅਰ ਆਗੂਆਂ ਦਾ ਵੀ ਜੋਸ਼ ਵਧਿਆ। ਉਨ੍ਹਾਂ ਨੂੰ ਇਸ 'ਤੇ ਕਾਫੀ ਖੁਸ਼ੀ ਹੋਈ ਹੈ। ਨਾਲ ਹੀ ਉਨ੍ਹਾਂ ਭਾਜਪਾ ਵਰਕਰਾਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਉਹ ਅਹੁਦਿਆਂ ਦੀ ਨਹੀਂ ਸਗੋਂ ਜ਼ਿੰਮੇਵਾਰੀਆਂ ਲੈਣ ਦੇ ਚਾਹਵਾਨ ਬਨਣ।