ਲੁਧਿਆਣਾ: ਅਸੀਂ ਆਏ ਦਿਨ ਸੜਕ ਹਾਦਸਿਆਂ ਤੇ ਇਨ੍ਹਾਂ ਹਾਦਸਿਆਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਦੀਆਂ ਖ਼ਬਰਾਂ ਪੜ੍ਹਦੇ ਹਾਂ। ਇਨ੍ਹਾਂ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨਾ ਹੈ। ਸਾਲ 2020 'ਚ ਕੋਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਤੇ ਕਰਫਿਊ ਦੇ ਬਾਵਜੂਦ ਕੁੱਲ 418 ਸੜਕ ਹਾਦਸੇ ਹੋਏ ਤੇ ਇਨ੍ਹਾਂ ਹਾਦਸਿਆਂ 'ਚ 283 ਮੌਤਾਂ ਹੋਈਆਂ ਹਨ। ਇਨ੍ਹਾਂ ਗਿਣਤੀ ਨੂੰ ਵੇਖਦੇ ਹੋਏ ਅਜਿਹਾ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਲੁਧਿਆਣਾ ਸੜਕ ਹਾਦਸਿਆਂ ਦਾ ਗੜ੍ਹ ਬਣ ਗਿਆ ਹੈ।
ਸੜਕ ਹਾਦਸਿਆਂ ਦੌਰਾਨ ਗਈਆਂ ਕਈ ਜਾਨਾਂ
ਇਸ ਤੋਂ ਇਲਾਵਾ ਸਾਲ 2019 ਦੌਰਾਨ ਸ਼ਹਿਰ 'ਚ 428 ਸੜਕ ਹਾਦਸਿਆਂ ਦੌਰਾਨ 264 ਲੋਕਾਂ ਦੀ ਜਾਨ ਗਈ ਤੇ 389 ਲੋਕ ਜ਼ਖ਼ਮੀ ਹੋਏ। ਇਨ੍ਹਾਂ ਚੋਂ 273 ਲੋਕ ਗੰਭੀਰ ਜ਼ਖ਼ਮੀ ਹੋਏ। ਹਾਲਾਂਕਿ ਕੋੋਰੋਨਾ ਮਹਾਂਮਾਰੀ ਕਾਰਨ ਸਾਲ 2020 'ਚ ਲੌਕਡਾਊਨ ਤੇ ਕਰਫਿਊ ਦੇ ਚਲਦੇ ਆਵਾਜਾਈ ਠੱਪ ਰਹੀ। ਇਸ ਦੇ ਬਾਵਜੂਦ ਇੰਨੀ ਵੱਡੀ ਤਾਦਾਦ 'ਚ ਸੜਕ ਹਾਦਸੇ ਵਾਪਰਨਾ ਤੇ ਲੋਕਾਂ ਦੀ ਮੌਤ ਹੋਣਾ ਆਪਣੇ ਆਪ 'ਚ ਵੱਡੇ ਸਵਾਲ ਪੈਦਾ ਕਰਦਾ ਹੈ।
ਸੜਕਾਂ ਦੀ ਖਸਤਾ ਹਾਲਤ 'ਤੇ ਪ੍ਰਸ਼ਾਸਨ ਲਾਪਰਵਾਹ
ਲੁਧਿਆਣਾ ਕਾਰਪੋਰੇਸ਼ਨ ਅਤੇ ਲੁਧਿਆਣਾ ਟ੍ਰੈਫ਼ਿਕ ਪੁਲਿਸ ਅਜਿਹੇ 92 ਸਪਾਟ ਇਡੈਂਟੀਫਾਈ ਕਰ ਚੁੱਕੀ ਹੈ, ਜਿੱਥੇ ਸਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ ਤੇ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਇਥੇ ਦੀ ਖਸਤਾ ਹਾਲਤ ਸੜਕਾਂ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਉੱਤੇ ਨਾਂ ਹੀ ਪੀਡਬਲਯੂਡੀ ਮਹਿਕਮੇ ਤੇ ਨਾ ਹੀ ਕਾਰਪੋਰੇਸ਼ਨ ਮਹਿਕਮੇ ਵੱਲੋਂ ਕੋਈ ਧਿਆਨ ਦੇ ਰਿਹਾ ਹੈ।
ਸੜਕ ਹਾਦਸਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ
ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਤੇ ਟ੍ਰੈਫ਼ਿਕ ਮਾਹਰ ਡਾ. ਕਮਲਜੀਤ ਸਿੰਘ ਸੋਹੀ ਨੇ ਦੱਸਿਆ ਕਿ ਇਸ ਸਾਲ ਸੜਕ ਹਾਦਸਿਆਂ ਦੌਰਾਨ ਮੌਤਾਂ ਦਾ ਅੰਕੜਾ ਹੈਰਾਨ ਕਰ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਿੱਧੇ ਤੌਰ 'ਤੇ ਲੁਧਿਆਣਾ ਨਗਰ ਨਿਗਮ ਦਾ ਪੀਡਬਲਯੂਡੀ ਮਹਿਕਮਾ ਅਤੇ ਟ੍ਰੈਫ਼ਿਕ ਪੁਲਿਸ ਜ਼ਿੰਮੇਵਾਰ ਹੈ। ਕਿਉਂਕਿ ਨਾਂ ਤਾਂ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਤੇ ਨਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਉਥੇ ਟ੍ਰੈਫ਼ਿਕ ਪੁਲਿਸ ਤਾਇਨਾਤ ਕੀਤੀ ਜਾ ਰਹੀ ਹੈ। ਇਨ੍ਹਾਂ ਕਾਰਨਾਂ ਦੇ ਚਲਦੇ ਲੁਧਿਆਣਾ ਸ਼ਹਿਰ ਸੜਕ ਹਾਦਸਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀ ਆਪਣੀ ਡਿਊਟੀ ਢੰਗ ਨਾਲ ਨਹੀਂ ਨਿਭਾ ਰਹੇ। ਇਨ੍ਹਾਂ ਸੜਕ ਹਾਦਸਿਆਂ 'ਚ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜੋ ਕਿ ਬੇਹਦ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਦੀ ਦਰ 'ਚ ਵਾਧਾ ਹੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਟ੍ਰੈਫ਼ਿਕ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਨ੍ਹਾਂ ਹਾਦਸਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲੀ ਕੀਤੀ ਤਾਂ ਜੋ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ।