ਲੁਧਿਆਣਾ: ਸੇਵਾ ਭਾਵ ਦੀ ਪ੍ਰਥਾ ਨੂੰ ਬਰਕਰਾਰ ਰੱਖਦਿਆਂ ਸ਼ਹਿਰ ਦੀ ਇੱਕ ਨਿਜੀ ਸਾਮਜ ਸੇਵੀ ਸੰਸਥਾ ਵੱਲੋਂ ਮਾਂ ਦੀ ਰਸੋਈ ਮੁਹਿੰਮ ਤਹਿਤ ਲੋੜਵੰਦ ਲੋਕਾਂ ਨੂੰ ਲੰਗਰ ਛਕਾਇਆ ਗਿਆ। ਇਸ ਕੰਮ ਵਿੱਚ ਸ਼ਹਿਰ ਦੇ ਕਈ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਹਿਯੋਗ ਕੀਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਂ ਦੀ ਰਸੋਈ ਦੇ ਪ੍ਰਬੰਧਕ ਐਮ.ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2018 ਵਿੱਚ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸ਼ਹਿਰ ਦੇ ਕੁਝ ਸਕੂਲਾਂ ਵਿੱਚ ਮਾਂ ਦੀ ਰਸੋਈ ਨਾਂਅ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੇ ਤਹਿਤ ਵਿਦਿਆਰਥੀ ਅਤੇ ਅਧਿਆਪਕ ਆਪਣੇ ਲੰਚ ਦਾ ਕੁਝ ਹਿੱਸਾ ਲੋੜਵੰਦ ਲੋਕਾਂ ਨੂੰ ਭੋਜਨ ਕਰਵਾਉਣ ਲਈ ਲੈ ਕੇ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਸਕੂਲਾਂ ਤੋਂ ਭੋਜਨ ਇਕੱਠਾ ਕਰਕੇ ਸ਼ਹਿਰ ਦੇ ਕਈ ਹਸਪਤਾਲਾਂ ਦੇ ਬਾਹਰ ਲੋੜਵੰਦ ਲੋਕਾਂ ਲਈ ਲੰਗਰ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਇਸ ਮੁਹਿੰਮ ਵਿੱਚ ਸ਼ਹਿਰ ਦੇ ਕੁਝ ਸਕੂਲ ਹੀ ਸ਼ਾਮਲ ਸਨ ਪਰ ਇਹ ਮੁਹਿੰਮ ਸ਼ਹਿਰ ਦੇ ਨਾਲ-ਨਾਲ ਸੂਬੇ ਦੇ ਕਈ ਸਕੂਲਾਂ ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਸਿਰਫ਼ ਪੰਜਾਬ ਤੋਂ ਹੀ ਸਗੋਂ ਬਾਹਰੋਂ ਵੀ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਅਜਿਹੇ ਵਿੱਚ ਪਹਿਲਾਂ ਹੀ ਇਲਾਜ ਲਈ ਲੱਖਾਂ ਰੁਪਏ ਖ਼ਰਚ ਚੁੱਕੇ ਲੋਕਾਂ ਨੂੰ ਜਦੋਂ ਇਹ ਸੰਸਥਾ ਮੁਫ਼ਤ ਲੰਗਰ ਛਕਾਉਂਦੀ ਹੈ ਤਾਂ ਉਹ ਪੰਜਾਬ ਤੋਂ ਇੱਕ ਚੰਗਾ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਵਿੱਚ ਵੀ ਸਮਾਜ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ।