ਲੁਧਿਆਣਾ: ਪੰਜਾਬ ਦੇ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਵਿਧਾਇਕ ਇਆਲੀ ਨੇ ਕਿਹਾ ਕਿ ਮੈਂ ਅੱਜ ਵੀ ਰਾਸ਼ਟਰਪਤੀ ਚੋਣ ਦੇ ਬਾਈਕਾਟ ਦੇ ਸਟੈਂਡ 'ਤੇ ਕਾਇਮ ਹਾਂ। ਬਾਈਕਾਟ ਪੰਜਾਬ ਦੇ ਹਿੱਤਾਂ ਲਈ ਸੀ। ਚੋਣ ਬਾਈਕਾਟ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਕਈ ਲੋਕਾਂ ਦੇ ਫੋਨ ਆਏ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਮੇਰੇ ਨਾਲ ਸੰਪਰਕ ਕਰਕੇ ਚੋਣ ਬਾਈਕਾਟ ਦੀ ਸ਼ਲਾਘਾ ਕੀਤੀ।
'ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਾਂਗਾ': ਇਆਲੀ ਨੇ ਕਿਹਾ ਕਿ ਕੁਝ ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਇਆਲੀ ਕਿਸੇ ਹੋਰ ਪਾਰਟੀ ਵਿੱਚ ਜਾ ਰਹੇ ਹਨ, ਪਰ ਉਹ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੇ ਹਿੱਤਾਂ ਲਈ ਕਿਸੇ ਆਪਣੇ ਦੇ ਖਿਲਾਫ ਵੀ ਜਾਣਾ ਪਿਆ ਤਾਂ ਉਹ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪਾਰਟੀ ਬਦਲਣ ਦੀ ਗੱਲ ਹੈ ਤਾਂ ਇਹ ਸਿਰਫ ਅਫਵਾਹ ਹੈ।
ਸਿਰਫ ਅਕਾਲੀ ਦਲ ਪੰਜਾਬ ਤੋਂ ਚੱਲਦਾ: ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਦਿੱਲੀ ਤੋਂ ਚੱਲ ਰਹੀਆਂ ਹਨ, ਪਰ ਪੰਜਾਬ ਵਿੱਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਚੱਲ ਰਿਹਾ ਹੈ। ਇਆਲੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਸੀ ਪਰ ਜ਼ਿਮਨੀ ਚੋਣਾਂ ਕਾਰਨ ਉਹ ਮੈਦਾਨ ਤੋਂ ਭੱਜ ਨਹੀਂ ਸਕਦੇ ਸਨ।
ਸਮਰਥਕਾਂ 'ਤੇ ਨਾਜਾਇਜ਼ ਕੇਸ ਦਰਜ ਕਰਵਾਏ: ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਇਆਲੀ 'ਤੇ ਚੋਣ ਲੜਨ ਲਈ ਦਬਾਅ ਪਾਉਂਦੇ ਰਹੇ, ਕਿਉਂਕਿ ਪਿਛਲੀਆਂ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੇ ਸਮਰਥਕਾਂ 'ਤੇ ਨਾਜਾਇਜ਼ ਕੇਸ ਦਰਜ ਕੀਤੇ ਸਨ। ਇਸ ਕਾਰਨ ਉਹ ਉਨ੍ਹਾਂ ਦਾ ਸਾਥ ਨਹੀਂ ਛੱਡ ਸਕਦੇ ਸਨ।
ਪੰਜਾਬ ਦੇ ਹਿੱਤ ਲਈ ਕਰਨਗੇ ਕੰਮ: ਇਆਲੀ ਨੇ ਕਿਹਾ ਕਿ ਲੋਕਾਂ ਲਈ ਹੁਣ ਨਵੀਂ ਸ਼ੁਰੂਆਤ ਕੀਤੀ ਜਾਵੇਗੀ। ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਕਾਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਹੜੇ ਲੋਕ ਆਪਣੇ ਮਨ ਵਿਚ ਇਹ ਭਰਮ ਲੈ ਕੇ ਬੈਠੇ ਹਨ ਕਿ ਇਆਲੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਰਹੇ ਹਨ, ਉਨ੍ਹਾਂ ਨੂੰ ਇਹ ਭੁਲੇਖਾ ਦੂਰ ਕਰਨਾ ਚਾਹੀਦਾ ਹੈ। ਮਨਪ੍ਰੀਤ ਇਆਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਹੀ ਪੰਜਾਬ ਦੇ ਹਿੱਤ ਵਿੱਚ ਕੰਮ ਕਰਨਗੇ।
ਪਾਰਟੀ ਪ੍ਰਧਾਨ ਨਾਲ ਕਰ ਚੁੱਕਾ ਗੱਲ: ਮਨਪ੍ਰੀਤ ਇਆਲੀ ਨੇ ਕਿਹਾ ਕਿ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਝੂੰਦਾਂ ਕਮੇਟੀ ਵਲੋਂ ਰਿਪੋਰਟ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਰਿਪੋਰਟ ਸਬੰਧੀ ਵੀ ਉਹ ਪਾਰਟੀ ਪ੍ਰਧਾਨ ਨਾਲ ਮਿਲ ਕੇ ਸੁਝਾਅ ਦੇ ਚੁੱਕੇ ਹਨ ਕਿ ਜੇਕਰ ਇੰਨਾਂ 'ਤੇ ਕੰਮ ਕੀਤਾ ਜਾਵੇ ਤਾਂ ਸੁਧਾਰ ਹੋ ਸਕਦਾ ਹੈ। ਇਸ ਨਾਲ ਮੁੜ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੁਤ ਕਰਨਾ ਏਜੰਡਾ: ਇਆਲੀ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਨਾ ਕੋਈ ਲੜਾਈ ਹੈ ਅਤੇ ਨਾ ਹੀ ਅਹੁਦਿਆਂ ਦੀ ਭੁੱਖ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵਿਧਾਇਕ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੀ ਚਾਹੀਦਾ ਕਿ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਏਜੰਡਾ ਇਹ ਹੀ ਹੈ ਕਿ ਕਿਸ ਤਰ੍ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਲਾਈ ਅਸਤੀਫ਼ਿਆਂ ਦੀ ਝੜੀ