ਪਟਿਆਲਾ: ਰਾਜਪੁਰਾ 'ਚ ਪੈਂਦੇ ਪਿੰਡ ਖਰਾਜਪੁਰਾ ਵਿਖੇ ਗੁਰਦੁਆਰੇ ਦੇ ਗ੍ਰੰਥੀ ਦੀ ਕਮੇਟੀ ਮੈਬਰਾਂ ਵੱਲੋਂ ਦਾੜ੍ਹੀ ਪੁੱਟ ਕੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਸੁਖਵਿੰਦਰ ਸਿੰਘ ਵਾਸੀ ਸਹਿਜ ਖੇੜੀ ਜੋ ਕਿ ਪਿੰਡ ਖਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਦੋਸ਼ ਲਾਇਆ ਹੈ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਫ਼ੌਜੀ ਵੱਲੋਂ ਉਸ ਲਈ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤੇ ਬਾਅਦ 'ਚ ਉਸ ਦੀ ਦਾੜ੍ਹੀ ਪੁੱਟ ਕੇ ਕੇਸਾਂ ਦੀ ਬੇਅਦਬੀ ਕੀਤੀ ਗਈ।
ਸੁਖਵਿੰਦਰ ਨੇ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆ ਕਿਹਾ ਕਿ ਪਹਿਲਾਂ ਤਾਂ ਉਸ ਦੀ ਬਿਲਕੁਲ ਵੀ ਸੁਣਵਾਈ ਨਹੀਂ ਕੀਤੀ ਗਈ ਪਰ ਬਾਅਦ ਵਿੱਚ ਸਿੱਖ ਯੂਨਾਈਟਡ ਪਾਰਟੀ ਵੱਲੋਂ ਦਬਾਅ ਬਣਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਏਐੱਸਆਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸੁਖਵਿੰਦਰ ਦੀ ਦਰਖ਼ਾਸਤ ਉੱਪਰ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।