ਲੁਧਿਆਣਾ : ਸ਼ਹਿਰ 'ਚ ਮਹਿਜ਼ ਕੁੱਝ ਘੰਟੇ ਪਈ ਬੇਮੌਸਮ ਬਰਸਾਤ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਬਰਸਾਤ ਪੈਣ ਦੇ ਕਾਰਨ ਲੁਧਿਆਣਾ ਦਾਣਾ ਮੰਡੀ 'ਚ ਪਈ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੁੱਬ ਕੇ ਖ਼ਰਾਬ ਹੋ ਗਈ ਹੈ। ਇਸ ਕਰਾਨ ਕਿਸਾਨ ਬੇਹਦ ਚਿੰਤਤ ਨਜ਼ਰ ਆ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਹੋਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਉਨ੍ਹਾਂ ਮੰਡੀਆਂ 'ਚ ਫਸਲਾਂ ਦੀ ਸਾਂਭ ਸੰਭਾਲ ਲਈ ਪੁਖ਼ਤਾ ਪ੍ਰਬੰਧ ਨਾਂ ਹੋਣ ਦੇ ਦੋਸ਼ ਲਾਏ। ਉਨ੍ਹਾਂ ਆਖਿਆ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਹ ਬੀਤੇ ਤਿੰਨ ਦਿਨਾਂ ਤੋਂ ਆਪਣੀ ਫਸਲ ਮੰਡੀ 'ਚ ਲੈ ਕੇ ਬੈਠੇ ਹਨ, ਪਰ ਵਾਊਚਰ ਨਾਂ ਮਿਲਣ ਦੇ ਚਲਦੇ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਹੋ ਸਕੀ।
ਕਿਸਾਨਾਂ ਨੇ ਕਿਹਾ ਕਿ ਸਰਕਾਰੀ ਖ਼ਰੀਦ ਸ਼ੁਰੂ ਹੋਏ 3 ਹਫ਼ਤੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਦੀਵਾਲੀ ਤਕ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਹੀ ਰੁਲ ਰਹੀ ਹੈ। ਜਦੋਂ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਸਮੇਂ ਸਿਰ ਚੁੱਕਿਆ ਜਾਵੇਗਾ ਤੇ ਅਦਾਇਗੀ ਵੀ ਸਮੇਂ ਸਿਰ ਕਰ ਦਿੱਤੀ ਜਾਵੇਗੀ।
ਕਿਸਾਨਾਂ ਨੇ ਦੱਸਿਆ ਕਿ ਮੰਡੀ 'ਚ ਫਸਲ ਲਿਆਉਣ ਮਗਰੋਂ ਉਨ੍ਹਾਂ ਵੱਲੋਂ ਵਾਰ-ਵਾਰ ਆੜ੍ਹਤੀਆਂ ਅਤੇ ਅਧਿਕਾਰੀਆਂ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਫਸਲ ਖ਼ਰੀਦੀ ਜਾਵੇ, ਪਰ ਆੜ੍ਹਤੀ ਤੇ ਅਧਿਕਾਰੀ ਜ਼ਿਆਦਾ ਨਮੀ ਹੋਣ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਸਲ ਨੂੰ ਸਹੀ ਸਮੇਂ ਸਿਰ ਨਹੀਂ ਖਰੀਦ ਰਹੇ ਹਨ। ਜਿਸ ਕਾਰਨ ਮਹਿਜ਼ ਕੁੱਝ ਘੰਟਿਆਂ ਦੀ ਬਰਸਾਤ ਨੇ ਉਨ੍ਹਾਂ ਦੇ ਮਿਹਨਤ 'ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਦੀ ਕਈ ਕੁਇੰਟਲ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ। ਇਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਉਨ੍ਹਾਂ ਦੇ ਨੁਕਸਾਨ ਲਈ ਮੁਆਵਜ਼ਾ ਤੇ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਮੀਂਹ ਕਾਰਨ ਮੰਡੀਆਂ ‘ਚ ਖੱਜਲ ਖੁਆਰ ਹੋ ਰਹੇ ਕਿਸਾਨਾਂ ਨੂੰ ਲੈਕੇ CM ਚੰਨੀ ਨੇ ਦਿੱਤੇ ਇਹ ਨਿਰਦੇਸ਼