ਲੁਧਿਆਣਾ: ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਬਣਿਆ ਇੱਕ ਛੋਟਾ ਜਿਹਾ ਪਾਰਕ ਇਨੀਂ ਦਿਨੀ ਲੋਕਾਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇਹ ਪਾਰਕ ਲੁਧਿਆਣਾ ਦੇ ਹੋਰਨਾਂ ਪਾਰਕਾਂ ਨਾਲੋਂ ਕਾਫੀ ਵੱਖਰਾ ਹੈ। ਇਸ ਪਾਰਕ ਨੂੰ ਵਿਸ਼ੇਸ਼ ਤੌਰ 'ਤੇ ਅਜਿਹੇ ਮਾਪਿਆਂ ਵੱਲੋਂ ਬਣਾਇਆ ਗਿਆ ਹੈ, ਜਿਨ੍ਹਾਂ ਨੇ ਆਪਣੇ ਇਕਲੌਤੇ ਬੱਚਿਆਂ ਨੂੰ ਸੜਕ ਹਾਦਸੇ ਦੇ ਵਿੱਚ ਗਵਾ ਦਿੱਤਾ ਸੀ। ਹੁਣ ਕੋਈ ਹੋਰ ਸੜਕ ਹਾਦਸੇ 'ਚ ਆਪਣੀ ਜਾਨ ਨਾ ਗਵਾਏ ਇਸ ਕਰਕੇ ਇਨ੍ਹਾਂ ਵੱਲੋਂ ਫਾਊਂਡੇਸ਼ਨ ਬਣਾ ਕੇ ਨਾ ਸਿਰਫ ਇੱਕ ਖੂਬਸੂਰਤ ਪਾਰਕ ਤਿਆਰ ਕੀਤਾ ਗਿਆ। ਸਗੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਪਾਰਕ ਦੇ ਵਿੱਚ ਵਾਟਰ ਹਾਰਵੈਸਟਿੰਗ ਸਿਸਟਮ, ਸੀਸੀਟੀਵੀ ਕੈਮਰੇ, ਸਰਾਉਂਡ ਸਾਊਂਡ ਬੈਠਣ ਲਈ ਸੁਚੱਜਾ ਪ੍ਰਬੰਧ, ਹਰਿਆਲੀ, ਫਾਊਂਟੇਨ, ਦੀਵਾਰਾਂ ਤੇ ਪੇਂਟਿੰਗ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਟ੍ਰੈਫਿਕ ਨਾਲ ਸਬੰਧਿਤ ਇਸ਼ਾਰੇ ਪਾਰਕ ਦੇ ਵਿੱਚ ਬਣਾਏ ਗਏ ਹਨ।
ਪਾਰਕ ਦੇ ਵਿੱਚ ਆਉਣ ਵਾਲੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਇਹ ਕਿਹਾ ਹੈ ਕਿ ਅਜਿਹਾ ਪਾਰਕ ਉਨ੍ਹਾਂ ਨੇ ਕਦੇ ਨਹੀਂ ਵੇਖਿਆ। ਸਕੂਲ ਦੇ ਨਾਲ ਇਥੇ ਆ ਕੇ ਉਨ੍ਹਾਂ ਨੂੰ ਸੁਰੱਖਿਆ ਵੀ ਮਿਲਦੀ ਹੈ। ਇਸ ਤੋਂ ਇਲਾਵਾ ਯੋਗਾ ਮੈਡੀਟੇਸ਼ਨ ਦੇ ਸੈਸ਼ਨ ਚਲਦੇ ਹਨ ਅਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵੀ ਜਾਣਕਾਰੀ ਹਾਸਲ ਹੁੰਦੀ ਹੈ।
ਇਸ ਵੇਲੇ ਪਾਰਕ ਨਾ ਸਿਰਫ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਸਗੋਂ ਸਥਾਨਕ ਪ੍ਰਸ਼ਾਸਨ ਲਈ ਇੱਕ ਰੋਲ ਮੋਡਲ ਵੀ ਬਣਦਾ ਜਾ ਰਿਹਾ ਹੈ। ਜੇਕਰ ਕੁਝ ਲੋਕ ਮਿਲ ਕੇ ਸੀਮਿਤ ਸਾਧਨਾ ਨਾਲ ਅਜਿਹਾ ਪਾਰਕ ਬਣਾ ਸਕਦੇ ਹਨ ਤਾਂ ਨਗਰ ਨਿਗਮ ਕਿਉਂ ਨਹੀਂ।