ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਲਗਾਤਾਰ ਮਾਮਲੇ ਸਾਹਮਣੇ ਆਉਣ ਕਰਕੇ ਟ੍ਰੈਫਿਕ ਪੁਲਿਸ ਨੇ ਡਰੰਕ ਐਂਡ ਡਰਾਈਵ ਦੇ ਟੈਸਟ ਬੀਤੇ ਕਈ ਮਹੀਨਿਆਂ ਤੋਂ ਬੰਦ ਕਰ ਦਿੱਤੇ ਸਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਫ ਟ੍ਰੈਫਿਕ ਪੁਲਿਸ ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਜਲਦ ਇਸ ਦੀ ਹੁਣ ਸ਼ੁਰੂਆਤ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਸ਼ਾ ਕਰਕੇ ਗੱਡੀ ਨਾ ਚਲਾਉਣ ਲਈ ਵੀ ਕਿਹਾ ਹੈ।
ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਕ੍ਰਾਈਮ ਬਿਊਰੋ ਰਿਪੋਰਟ ਦੇ ਮੁਤਾਬਕ ਸਾਲ 2019 ਦੇ ਵਿੱਚ ਲੁਧਿਆਣਾ ਅੰਦਰ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ 152 ਸੜਕ ਹਾਦਸੇ ਹੋਏ ਸਨ।
ਇਸ ਵਿੱਚ 104 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 88 ਲੋਕ ਜ਼ਖ਼ਮੀ ਹੋਏ ਸਨ।
ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਸੂਬੇ ਅੰਦਰ ਬੀਤੇ ਸਾਲ 2500 ਲੋਕਾਂ ਨੇ ਸੜਕ ਹਾਦਸਿਆਂ 'ਚ ਆਪਣੀ ਜਾਨ ਗਵਾਈ ਹੈ।
ਹਾਲਾਂਕਿ ਬੀਤੇ ਕੁਝ ਮਹੀਨਿਆਂ 'ਚ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਕਾਫੀ ਕਮੀ ਵੇਖਣ ਨੂੰ ਮਿਲੀ ਹੈ ਪਰ ਹੁਣ ਮੁੜ ਤੋਂ ਸੜਕਾਂ 'ਤੇ ਟ੍ਰੈਫ਼ਿਕ ਵਧਣ ਲੱਗ ਗਿਆ ਹੈ, ਅਜਿਹੇ 'ਚ ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਦੇ ਟੈਸਟ ਕਰਨੇ ਟ੍ਰੈਫਿਕ ਪੁਲਿਸ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।
ਲੁਧਿਆਣਾ ਟ੍ਰੈਫਿਕ ਪੁਲਿਸ ਦੇ ਡੀਸੀਪੀ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਟ੍ਰੈਫਿਕ ਪੁਲਿਸ ਡਰੰਕ ਐਂਡ ਡਰਾਈਵ ਦੇ ਟੈਸਟ ਨਹੀਂ ਕਰ ਰਹੀ ਸੀ ਕਿਉਂਕਿ ਇਸ ਲਈ ਡਰਾਈਵਰ ਦੇ ਕਾਫੀ ਨੇੜੇ ਜਾ ਕੇ ਟੈਸਟ ਕਰਨਾ ਪੈਂਦਾ ਹੈ ਅਤੇ ਮਸ਼ੀਨ ਨੂੰ ਉਸ ਦੇ ਮੂੰਹ 'ਚ ਲਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਆਪਣੇ ਹੱਥ ਵੀ ਲਾਉਣੇ ਪੈਂਦੇ ਹਨ, ਜਿਸ ਕਾਰਨ ਅਕਸਰ ਕੋਰੋਨਾ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਪਰ ਹੁਣ ਜਿਵੇਂ ਜਿਵੇਂ ਲੁਧਿਆਣਾ ਦੇ ਵਿੱਚ ਕੋਰੋਨਾ ਦੇ ਕੇਸ ਘੱਟ ਰਹੇ ਹਨ ਇਸ ਦੇ ਮੱਦੇਨਜ਼ਰ ਜਲਦ ਹੀ ਡਰੰਕ ਐਂਡ ਡਰਾਈਵ ਦੇ ਟੈਸਟ ਸ਼ੁਰੂ ਕੀਤੇ ਜਾਣਗੇ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੜਕ ਨਿਯਮਾਂ ਦੀ ਉਲੰਘਣਾ ਨਾ ਕਰਨ ਅਤੇ ਨਸ਼ਾ ਕਰਕੇ ਵਾਹਨ ਨਾ ਚਲਾਉਣ। ਜੇ ਕੋਈ ਇਝ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਰਫ ਲੁਧਿਆਣਾ 'ਚ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਸੈਂਕੜੇ ਲੋਕ ਨਸ਼ਾ ਕਰਕੇ ਗੱਡੀ ਚਲਾਉਣ ਕਾਰਨ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਜਾਂ ਫਿਰ ਉਹ ਕਿਸੇ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਦੇ ਹਨ। ਅਜਿਹੇ 'ਚ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਾਰ ਮੁੜ ਤੋਂ ਡਰੰਕ ਐਂਡ ਡਰਾਈਵ ਟੈਸਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਟੈਸਟ ਨੂੰ ਕੁਝ ਸਮੇ ਲਈ ਬੰਦ ਕੀਤਾ ਗਿਆ ਸੀ।