ਲੁਧਿਆਣਾ:ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਲਈ ਜਿਥੇ ਕਈ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵੀ ਲੋਕ ਸੇਵਾ ਲਈ ਅੱਗੇ ਆ ਰਹੇ ਹਨ, ਉਂਝ ਦੀ ਲੁਧਿਆਣਾ ਦੇ ਇੱਕ ਡਾਕਟਰ ਦੇ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਇੱਕ ਪਾਸੇ ਜਿਥੇ ਕੋਰੋਨਾ ਕਾਲ 'ਚ ਕਈ ਨਿੱਜੀ ਹਸਪਤਾਲਾਂ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਹੀ ਇੱਕ ਡਾਕਟਰੀ ਪਰਿਵਾਰ ਨੇ ਕੋਰੋਨਾ ਮਰੀਜ਼ਾਂ ਦਾ ਆਪਣੇ ਹਸਪਤਾਲ 'ਚ ਇਲਾਜ ਕਰ ਰਿਹਾ ਹੈ ਤੇ ਲੋੜਵੰਦ ਲੋਕਾਂ ਲਈ ਇਲਾਜ ਬਿਲਕੁਲ ਮੁਫ਼ਤ ਹੈ।
ਦੱਸਣਯੋਗ ਹੈ ਕਿ ਲੁਧਿਆਣਾ ਦੇ ਡਾ. ਪ੍ਰਿਤਪਾਲ ਸਿੰਘ ਦਾ ਪਰਿਵਾਰ ਜੀਵਨ ਹਸਪਤਾਲ ਚਲਾਉਂਦਾ ਹੈ। ਇਸ ਹਸਪਤਾਲ 'ਚ ਲੋਕਾਂ ਨੂੰ 24 ਘੰਟੇ ਇਲਾਜ ਦੀ ਸੁਵਿਧਾ ਉਪਲਬਧ ਹੈ। ਇਸ ਹਸਪਤਾਲ ਵਿੱਚ ਜਿਥੇ ਆਮ ਲੋਕਾਂ ਸਣੇ ਕੋਰੋਨਾ ਮਰੀਜ਼ਾਂ ਨੂੰ ਵੀ ਵਧੀਆ ਇਲਾਜ ਮਿਲ ਰਿਹਾ ਹੈ, ਉਥੇ ਹੀ ਆਰਥਿਕ ਪੱਖੋਂ ਕਮਜ਼ੋਰ ਤੇ ਲੋੜਵੰਦ ਮਰੀਜਾਂ ਲਈ ਇਲਾਜ ਬਿਲਕੁਲ ਮੁਫ਼ਤ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡਾ.ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਵੀ ਉਨ੍ਹਾਂ ਨੇ ਕੋਰੋਨਾ ਮਰੀਜਾਂ ਦਾ ਇਲਾਜ ਕੀਤਾ ਸੀ, ਪਰ ਉਸ ਵਾਰ ਕਾਫੀ ਹੱਦ ਤੱਕ ਹਾਲਾਤ ਠੀਕ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਹਾਲਾਤ ਬੇਹਦ ਗੰਭੀਰ ਹਨ। ਉਨ੍ਹਾਂ ਦੇ ਹਸਪਤਾਲ ਤੋਂ ਮਰੀਜ਼ ਬਿਨਾਂ ਡਾਕਟਰੀ ਸਲਾਹ ਤੋਂ ਛੁੁੱਟੀ ਲੈਣ ਲੱਗ ਪਏ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਿਆਦਾਤਰ ਲੋਕ ਲੌਕਡਾਊਨ ਤੋਂ ਬਾਅਦ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਹਨ। ਜਿਸ ਦੇ ਚਲਦੇ ਉਹ ਇਲਾਜ ਦਾ ਖ਼ਰਚਾ ਚੁੱਕਣ 'ਚ ਅਸਮਰਥ ਹਨ। ਜਿਸ ਦੇ ਚਲਦੇ ਉਨ੍ਹਾਂ ਨੇ ਲੋੜਵੰਦਾਂ ਤੇ ਕੋਰੋਨਾ ਮਰੀਜ਼ਾਂ ਤੇ ਲੋੜਵੰਦਾਂ ਲਈ ਮੁਫ਼ਤ ਇਲਾਜ ਦੀ ਸੇਵਾ ਸ਼ੁਰੂ ਕੀਤੀ।
![ਇਨਸਾਨੀਅਤ ਦੀ ਮਿਸਾਲ ਬਣਿਆ ਡਾਕਟਰੀ ਪਰਿਵਾਰ](https://etvbharatimages.akamaized.net/etvbharat/prod-images/pb-ldh-01-spl-dr-faimly-edit-wt-7205443_03062021184633_0306f_1622726193_855.jpg)
ਡਾ.ਪ੍ਰੀਤਪਾਲ ਸਿੰਘ ਦੇ ਪੁੱਤਰ ਤੇ ਧੀ ਨੇ ਕਿਹਾ ਕਿ ਅਕਸਰ ਹੀ ਹਸਪਤਾਲਾਂ 'ਚ ਇਲਾਜ ਦੇ ਨਾਂਅ 'ਤੇ ਮਰੀਜ਼ਾਂ ਕੋਲੋਂ ਭਾਰੀ ਲੁੱਟੀ ਕੀਤੀ ਜਾਂਦੀ ਹੈ ਤੇ ਜੇਕਰ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਬਿੱਲ ਅਦਾ ਕੀਤੇ ਉਸ ਦੀ ਲਾਸ਼ ਵੀ ਨਹੀਂ ਲਿਜਾਣ ਦਿੱਤੀ ਜਾਂਦੀ। ਉਸ ਵੇਲੇ ਉਨ੍ਹਾਂ ਮਹਿਸੂਸ ਕੀਤਾ ਕਿ ਜ਼ਿੰਦਗੀ ਦੀ ਕੀਮਤ ਸਭ ਤੋਂ ਵੱਧ ਹੈ। ਇਸ ਕਰਕੇ ਉਨ੍ਹਾਂ ਦੇ ਪਰਿਵਾਰ ਨੇ ਇਹ ਫੈਸਲਾ ਲਿਆ ਕਿ ਜਿਸ ਕੋਲ ਹਸਪਤਾਲ ਦਾ ਬਿੱਲ ਚੁਕਾਉਣ ਲਈ ਪੈਸੇ ਨਹੀਂ ਹੋਣਗੇ ਤਾਂ ਉਸ ਨੂੰ ਬਿਨਾਂ ਪੈਸੇ ਲਏ ਹੀ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਖ਼ੁਦ ਦੋ ਵਾਰ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਲਗਾਤਾਰ ਸੇਵਾ ਜਾਰੀ ਹੈ ਤੇ ਇਸ 'ਚ ਪਰਿਵਾਰ ਤੇ ਪਿਤਾ ਵੱਲੋਂ ਭਰਪੂਰ ਸਹਿਯੋਗ ਮਿਲਦਾ ਹੈ। ਦੋਹਾਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਇਸ ਔਖੇ ਸਮੇਂ 'ਚ ਨੌਜਵਾਨ ਡਾਕਟਰਾਂ ਨੂੰ ਨਿੱਜੀ ਲਾਲਚ ਛੱਡ ਕੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਸਰਕਾਰ ਨੂੰ ਵੀ ਨੌਜਵਾਨ ਡਾਕਟਰਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸ ਨਾਲ ਵੱਧ ਤੋਂ ਵੱਧ ਨੌਜਵਾਨ ਡਾਕਟਰ ਸਮਾਜ ਸੇਵਾ ਕਰ ਸਕਣਗੇ ਤੇ ਲੋੜਵੰਦਾਂ ਨੂੰ ਮੁਫ਼ਤ ਇਲਾਜ ਮਿਲ ਸਕੇਗਾ।
ਇਹ ਵੀ ਪੜ੍ਹੋਂ : ਪਟਿਆਲਾ: ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਵਾਪਰਿਆ ਹਾਦਸਾ, 4 ਮਜ਼ਦੂਰ ਜ਼ਖਮੀ