ਲੁਧਿਆਣਾ : ਸ਼ਹਿਰ ਦੇ ਦੁਗਰੀ ਇਲਾਕੇ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦ ਵਾਰਡ ਨੰਬਰ 48 ਦੇ ਅਧੀਨ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ਨੂੰ ਲੈ ਕੇ ਟਰੱਸਟ ਅਧਿਕਾਰੀਆਂ ਤੇ ਸਥਾਨਕ ਲੋਕਾਂ ਵਿਚਾਲੇ ਵਿਵਾਦ ਹੋ ਗਿਆ।
ਇਸ ਬਾਰੇ ਦੱਸਦੇ ਹੋਏ ਵਾਰਡ ਕੌਂਸਲਰ ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਇਲਾਕੇ 'ਚ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ਹੈ। ਇਸ ਉੱਤੇ ਸਥਾਨਕ ਵਾਸੀ ਸੋਨੂੰ ਨਾਂਅ ਦੇ ਸ਼ਖਸ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਨੂੰ ਇਸ ਥਾਂ ਉੱਤੇ ਗੈਰ-ਕਾਨੂੰਨੀ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸ਼ਖਸ ਲੋਕ ਇਨਸਾਫ ਪਾਰਟੀ ਦਾ ਮੈਂਬਰ ਹੈ। ਜਦੋਂ ਨਜਾਇਜ਼ ਕਬਜ਼ਾ ਛੁਡਾਉਣ ਲਈ ਅੱਜ ਇੰਪਰੂਵਮੈਂਟ ਟਰੱਸਟ ਦੀ ਟੀਮ ਪਹੁੰਚੀ ਅਤੇ ਜਦੋਂ ਨਾਜਾਇਜ਼ ਉਸਾਰੀ ਨੂੰ ਹਟਾਇਆ ਗਿਆ ਤਾਂ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਦੂਜੇ ਪਾਸੇ ਸਥਾਨਕ ਵਾਸੀ ਸੋਨੂੰ ਨੇ ਕਿਹਾ ਹੈ ਕਿ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਜ਼ਮੀਨ 'ਚ ਫਲੈਟ ਬਣੇ ਹੋਏ ਹਨ। ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਨਾਲ ਉਸ ਦਾ ਜ਼ਮੀਨੀ ਵਿਵਾਦ ਦਾ ਨਿਪਟਾਰਾ ਹੋ ਚੁੱਕਾ ਸੀ, ਪਰ ਉਨ੍ਹਾਂ ਦੀ ਮੌਤ ਮਗਰੋਂ ਮੁੜ ਤੋਂ ਇਹ ਵਿਵਾਦ ਸ਼ੁਰੂ ਹੋ ਗਿਆ। ਸੋਨੂੰ ਨੇ ਵਿਰੋਧੀ ਧਿਰ 'ਤੇ ਬਿਨ੍ਹਾਂ ਕਿਸੇ ਨੋਟਿਸ ਦੇ ਕਬਜ਼ਾ ਹਟਾਉਣ ਦੀ ਕਾਰਵਾਈ ਕਰਨ ਦੇ ਦੋਸ਼ ਲਾਏ।