ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ। ਇਸ ਦੌਰਾਨ ਦਲਜੀਤ ਨੇ ਕਿਹਾ ਹੈ ਕਿ ਕਾਂਗਰਸ ਬੇਅਦਬੀਆਂ ਦੇ ਮਾਮਲੇ ਵਿੱਚ ਜਿੱਥੇ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਸੀ, ਹੁਣ ਉਹ ਆਪ ਹੀ ਬਦਨਾਮ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ ਹੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ 'ਤੇ ਫਰੈਂਡਲੀ ਮੈਚ ਖੇਡਣ ਦੇ ਲਾਏ ਜਾ ਰਹੇ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ।
ਡਾ. ਚੀਮਾ ਨੇ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਵਿਦੇਸ਼ੀ ਹੱਥ ਹੋਣ ਦਾ ਬਿਆਨ ਦੇ ਕੇ ਖੁਦ ਹੀ ਫਸੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਵਿੱਚ ਸਿਰਫ ਕਾਂਗਰਸ ਨੇ ਸਿਆਸਤ ਕੀਤੀ ਹੈ। ਚੀਮਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਦ ਕਾਂਗਰਸ ਦੇ ਨਾਲ ਰਲੇ ਹੋਏ ਹਨ, ਅਕਾਲੀ ਦਲ ਅਤੇ ਕਾਂਗਰਸ ਫਰੈਂਡਲੀ ਮੈਚ ਕਿਵੇਂ ਖੇਡ ਸਕਦੇ ਹਨ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀ ਵੱਲੋਂ ਲਗਾਤਾਰ ਵਰਕਰਾਂ ਨੂੰ ਇਕਜੁੱਟ ਕੀਤਾ ਜਾ ਰਿਹਾ ਹੈ। ਹਾਲਾਂਕਿ ਜ਼ਿਮਨੀ ਚੋਣ ਦਾ ਹਾਲੇ ਐਲਾਨ ਨਹੀਂ ਹੋਇਆ ਪਰ ਸੂਬੇ ਦੀਆਂ ਪਾਰਟੀਆਂ ਵੱਲੋਂ ਜ਼ਮੀਨੀ ਪੱਧਰ 'ਤੇ ਇਸ ਦੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ, ਨਾਲ ਹੀ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਲੰਬੇ ਚਿਰ ਤੋਂ ਘਿਰੀ ਸ਼੍ਰੋਮਣੀ ਅਕਾਲੀ ਦਲ ਹੁਣ ਕਾਂਗਰਸ 'ਤੇ ਇਸੇ ਮਾਮਲੇ ਨੂੰ ਲੈ ਕੇ ਪਲਟਵਾਰ ਕਰ ਰਹੀ ਹੈ।