ਲੁਧਿਆਣਾ: ਮੁੱਲਾਂਪੁਰ ਦਾਖਾ 'ਚ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜ਼ਿਮਨੀ ਚੋਣਾਂ 'ਚ ਦਾਖਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ 14672 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਚੋਣਾਂ 'ਚ ਕੈਪਟਨ ਸੰਦੀਪ ਸੰਧੂ ਦੂਜੇ ਨੰਬਰ ਤੇ ਰਹੇ, ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਤੀਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਥੇ ਨੰਬਰ ਤੇ ਰਹੀ ਹੈ ।
ਈਟੀਵੀ ਭਾਰਤ ਵੱਲੋਂ ਜਦ ਦਾਖਾ ਦੇ ਹਲਕਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਯਾਲੀ ਦੀ ਜਿੱਤ ਤੇ ਕੈਪਟਨ ਸੰਦੀਪ ਸੰਧੂ ਦੀ ਹਾਰ ਦੇ ਕਾਰਨਾਂ ਬਾਰੇ ਦੱਸਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਕ ਤਾਂ ਕੈਪਟਨ ਸੰਦੀਪ ਸੰਧੂ ਬਾਹਰੀ ਉਮੀਦਵਾਰ ਸਨ ਦੂਜਾ ਸਥਾਨਕ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਵੀ ਨਹੀਂ ਸਨ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਨਕਾਰਨਾ ਹੀ ਸਹੀ ਸਮਝਿਆ ।
ਸਥਾਨਕ ਲੋਕਾਂ ਨੇ ਕਿਹਾ ਕਿ ਮਨਪ੍ਰੀਤ ਇਯਾਲੀ ਵੱਲੋਂ ਬੀਤੇ ਕੁਝ ਸਾਲਾਂ 'ਚ ਇਲਾਕੇ 'ਚ ਕਰਵਾਇਆ ਗਿਆ ਵਿਕਾਸ ਉਨ੍ਹਾਂ ਦੀ ਜਿੱਤ ਦਾ ਕਾਰਨ ਬਣਿਆ ਹੈ। ਜ਼ਿਕਰੇ ਖ਼ਾਸ ਹੈ ਕਿ ਬੀਤੇ ਦਿਨ ਆਏ ਨਤੀਜਿਆਂ 'ਚ ਕੈਪਟਨ ਸੰਦੀਪ ਸੰਧੂ ਦੂਜੇ ਨੰਬਰ ਤੇ ਰਹੇ ਹਨ। ਉਨ੍ਹਾਂ ਨੂੰ 51625 ਵੋਟਾਂ ਮਿਲਿਆ ਹਨ। ਜਦੋਂ ਕਿ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ 8441 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2804 ਵੋਟਾਂ ਪਈਆਂ ਹਨ ਅਤੇ ਉਹ ਚੌਥੇ ਨੰਬਰ 'ਤੇ ਰਹੇ ਹਨ। ਇਨ੍ਹਾਂ 'ਚ 604 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਹੈ। ਜਦੋਂ ਕਿ ਪਹਿਲੇ ਨੰਬਰ 'ਤੇ ਰਹੇ ਮਨਪ੍ਰੀਤ ਇਯਾਲੀ ਨੂੰ 66297 ਵੋਟਾਂ ਪਈਆਂ ਹਨ।