ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ। ਨਵੇਂ ਬਣੇ ਮੁੱਖ ਮੰਤਰੀ ਐਕਸ਼ਨ ਮੋਡ 'ਚ ਨਜ਼ਰੀ ਆ ਰਹੇ ਹਨ। ਮੁੱਖ ਮੰਤਰੀ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰਾਂ ਵਿੱਚ ਪਹੁੰਚਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਥੇ ਬੀਤੀ ਰਾਤ ਕੈਬਨਿਟ ਦੀ ਬੈਠਕ ਲੈਂਦੇ ਰਹੇ ਉਥੇ ਹੀ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ 9 ਵਜੇ ਤੱਕ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਇਸ ਲਈ ਈਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਵਿਖੇ ਰਿਐਲਟੀ ਚੈੱਕ ਕੀਤਾ ਗਿਆ। ਕੀ ਪਤਾ ਲਗਾਇਆ ਜਾ ਸਕੇ ਕਿ ਨਵੇਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਸਰਕਾਰੀ ਕਰਮਚਾਰੀਆਂ ਉੱਤੇ ਕੀ ਅਸਰ ਹੋਇਆ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤਾਂ ਸਮੇਂ ਸਿਰ ਪਹੁੰਚ ਗਏ ਪਰ ਕਈ ਸਾਰੇ ਅਫ਼ਸਰ ਸਰਕਾਰੀ ਅਧਿਕਾਰੀ ਆਪੋ ਆਪਣੇ ਦਫ਼ਤਰਾਂ ਵਿੱਚ ਮੌਜੂਦ ਨਹੀਂ ਸਨ। 9 ਵੱਜਣ ਤੋਂ ਬਾਅਦ ਵੀ ਕਈ ਸਰਕਾਰੀ ਮੁਲਾਜ਼ਮ ਭੱਜ-ਭੱਜ ਕੇ ਦਫ਼ਤਰਾਂ ਵੱਲ ਜਾਂਦੇ ਵਿਖਾਈ ਦਿੱਤੇ, ਜਿਨ੍ਹਾਂ ਵਿਭਾਗਾਂ 'ਚ ਅਧਿਕਾਰੀ ਮੌਜੂਦ ਨਹੀਂ ਸਨ ਉਨ੍ਹਾਂ 'ਚ ਲੁਧਿਆਣਾ ਦੀ ਐੱਮ ਏ ਬ੍ਰਾਂਚ ਅਤੇ ਲੁਧਿਆਣਾ ਦਾ ਸਿੱਖਿਆ ਵਿਭਾਗ ਸ਼ਾਮਿਲ ਸੀ ਜਿੱਥੇ ਅਧਿਕਾਰੀ ਲੇਟ ਪਹੁੰਚੇ ਸਨ।
ਉਧਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨਾਲ ਜਦੋਂ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਹੀ ਦਾਅਵਾ ਕੀਤਾ ਕਿ ਲੁਧਿਆਣਾ ਵਿੱਚ ਅਮੂਮਨ ਅਧਿਕਾਰੀ ਸਮੇਂ ਸਿਰ ਹੀ ਪਹੁੰਚਦੇ ਨੇ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ ਕੰਮ ਜ਼ਿਆਦਾ ਹੋਣ ਕਰਕੇ ਪਹਿਲਾਂ ਹੀ ਸਾਰਿਆਂ ਨੂੰ ਸਮੇਂ ਸਿਰ ਆਉਣਾ ਪੈਂਦਾ ਅਤੇ ਕਈ ਵਾਰ ਦੇਰ ਤੱਕ ਕੰਮ ਵੀ ਕਰਨਾ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਗਈ ਹੈ ਅਤੇ ਜੇਕਰ ਕੋਈ ਲੇਟ ਵੀ ਆਉਂਦਾ ਹੈ ਤਾਂ ਉਸ ਖਿਲਾਫ ਜੋ ਵਿਭਾਗੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਪੰਜਾਬ ਵਿੱਚ ਦਲਿਤ ਮੁੱਖ ਮੰਤਰੀ 2022 ਲਈ ਕਾਂਗਰਸ ਦਾ 'ਮਾਸਟਰਸਟ੍ਰੋਕ'? ਜਾਂ ਕਪਤਾਨ ਵਿਗਾੜਣਗੇ ਖੇਡ?