ਲੁਧਿਆਣਾ: ਪੰਜਾਬ ਕਾਂਗਰਸ ਦੇ ਵਿੱਚ ਮਚੀ ਉਥਲ ਪੁਥਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣੇ ਨੂੰ ਲਗਭਗ ਇੱਕ ਮਹੀਨਾ ਪੂਰਾ ਹੋ ਗਿਆ ਹੈ। ਹਾਲਾਂਕਿ ਇਕ ਮਹੀਨੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਕਈ ਅਹਿਮ ਫੈਸਲੇ ਵੀ ਲਏ ਗਏ ਜਿਸ ਨੂੰ ਲੈ ਕੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿੱਥੇ ਕੁਝ ਲੋਕਾਂ ਨੇ ਕਿਹਾ ਹੈ ਕਿ ਚੰਨੀ ਸਿਰਫ ਮੀਡੀਆ ਵਿਚ ਸੁਰਖੀਆਂ ਹੀ ਬਣਕੇ ਰਹਿ ਗਈ ਉੱਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਇੱਕ ਮਹੀਨੇ ਵਿੱਚ ਕਈ ਵੱਡੇ ਫੈਸਲੇ ਲਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਪੰਜਾਬ ਦੇ ਹਿੱਤ ਵਿੱਚ ਵੱਡੇ ਫ਼ੈਸਲੇ ਲੈਣਗੇ।
ਸੀਐੱਮ ਚੰਨੀ ਦੇ ਵੱਡੇ ਫ਼ੈਸਲੇ
ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਆਪਣੀ ਪਹਿਲੀ ਹੀ ਕੈਬਨਿਟ ਦੇ ਵਿੱਚ ਕਈ ਵੱਡੇ ਐਲਾਨ ਕਰ ਦਿੱਤਾ ਸੀ ਜਿਨ੍ਹਾਂ ਵਿੱਚ ਖਾਸ ਕਰਕੇ ਆਮ ਲੋਕਾਂ ਨੂੰ ਬਿਜਲੀ ਦੇ ਬਕਾਇਆ ਬਿੱਲਾਂ ਤੋਂ ਵੱਡੀ ਰਾਹਤ ਦਿੱਤੀ ਗਈ, ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਜਿਨ੍ਹਾਂ ਲੋਕਾਂ ਦੇ ਦੋ ਕਿਲੋਵਾਟ ਤੱਕ ਦੇ ਮੀਟਰ ਲੱਗੇ ਹਨ ਅਤੇ ਜੇਕਰ ਉਨ੍ਹਾਂ ਦਾ ਕੋਈ ਬਕਾਇਆ ਬਿੱਲ ਹੈ ਉਹ ਸਾਰੇ ਬਿੱਲ ਮੁਆਫ ਕਰ ਦਿੱਤੇ ਜਾਣਗੇ। ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਨੇ ਆ ਕੇ ਨਵੀਂ ਕੈਬਨਿਟ ਦਾ ਵਿਸਥਾਰ ਕੀਤਾ। ਖਾਸ ਕਰਕੇ ਟਰਾਂਸਪੋਰਟ ਮਾਫੀਆ ਤੇ ਠੱਲ੍ਹ ਪਾਉਣ ਲਈ ਰਾਜਾ ਵੜਿੰਗ ਨੂੰ ਇਹ ਵਿਭਾਗ ਸੌਂਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਟਰਾਂਸਪੋਰਟ ਮਾਫੀਆ ਤੇ ਨਕੇਲ ਕਸੀ। ਇਸ ਤੋਂ ਇਲਾਵਾ ਚਰਨਜੀਤ ਚੰਨੀ ਆਮ ਲੋਕਾਂ ਚ ਵਿਚਰਦੇ ਹੋਏ ਵਿਖਾਈ ਦਿੱਤੇ। ਇਸ ਤੋਂ ਇਲਾਵਾ ਛੋਟੇ ਘਰਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਵੀ ਚੰਨੀ ਵੱਲੋਂ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ, ਹਾਲਾਂਕਿ ਚੰਨੀ ਕੱਚੇ ਅਧਿਆਪਕਾਂ ਨੂੰ ਵੀ ਇਹ ਭਰੋਸਾ ਦਿੰਦੇ ਵਿਖਾਈ ਦਿੱਤੇ ਕਿ ਉਹ ਜਲਦ ਉਨ੍ਹਾਂ ਦਾ ਹੱਲ ਕਰ ਦੇਣਗੇ ।
ਕਿਹੜੇ ਫ਼ੈਸਲਿਆਂ ਚ ਢਿੱਲ
ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਮਹੀਨਾ ਹੋ ਗਿਆ ਹੈ, ਉਨ੍ਹਾਂ ਨੇ ਕਈ ਪੰਜਾਬ ਦੇ ਲੋਕਾਂ ਦੇ ਹਿੱਤ ਚ ਫੈਸਲੇ ਵੀ ਕੀਤੇ ਪਰ ਕਈ ਅਜਿਹੇ ਵੀ ਮੁੱਦੇ ਰਹੇ ਜਿਨ੍ਹਾਂ ’ਤੇ ਉਹ ਚੁੱਪ ਰਹੇ ਜਿਨ੍ਹਾਂ ਚ ਖਾਸ ਕਰਕੇ ਬੇਅਦਬੀਆਂ ਦਾ ਮੁੱਦਾ ਰਿਹਾ ਜੋ ਬੀਤੀਆਂ ਵਿਧਾਨ ਸਭਾ ਚੋਣਾਂ ਚ ਵੀ ਇੱਕ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਸੀ ਚਰਨਜੀਤ ਚੰਨੀ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਫਿਲਹਾਲ ਕੋਈ ਫੈਸਲਾ ਜਾਂ ਐਲਾਨ ਨਹੀਂ ਕੀਤਾ ਇਸ ਤੋਂ ਇਲਾਵਾ ਨਸ਼ੇ ਦੇ ਮੁੱਦੇ ਤੇ ਵੀ ਚੰਨੀ ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ, ਇਨ੍ਹਾਂ ਹੀ ਨਹੀਂ ਘਰ ਘਰ ਨੌਕਰੀ ਦੇ ਮੁੱਦੇ ਤੇ ਵੀ ਚਰਨਜੀਤ ਚੰਨੀ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਸਨਅਤਕਾਰਾਂ ਨਾਲ ਬੈਠਕਾਂ ਵੀ ਕਰਵਾਉਣ ਲਈ ਭੇਜਿਆ ਪਰ ਸਨਅਤਕਾਰਾਂ ਦੇ ਹੱਕ ਵਿੱਚ ਵੀ ਉਨ੍ਹਾਂ ਨੇ ਕੋਈ ਵੱਡਾ ਐਲਾਨ ਨਹੀਂ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਨੂੰ ਸਸਤੀ ਅਤੇ ਪੂਰੀ ਬਿਜਲੀ ਮੁਹੱਈਆ ਜ਼ਰੂਰ ਕਰਵਾਈ ਜਾਵੇਗੀ।
ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ
ਚਰਨਜੀਤ ਚੰਨੀ ਦੇ ਇੱਕ ਮਹੀਨਾ ਪੂਰਾ ਹੋਣ ’ਤੇ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੁਝ ਲੋਕਾਂ ਨੇ ਕਿਹਾ ਕਿ ਉਹ ਮੀਡੀਆ ਚ ਸੁਰਖੀਆਂ ਬਣ ਕੇ ਰਹਿ ਗਏ ਅਤੇ ਜਿਨ੍ਹਾਂ ਪ੍ਰਾਜੈਕਟਾਂ ਤੇ ਹਾਲੇ ਵੀ ਕੰਮ ਲਟਕੇ ਹੋਏ ਸੀ ਉਹ ਕੰਮ ਹਾਲੇ ਵੀ ਅਧੂਰੇ ਹਨ। ਆਮ ਲੋਕਾਂ ਨੇ ਕਿਹਾ ਕਿ ਫ਼ਾਇਦਾ ਤਾਂ ਹੀ ਹੈ ਜੇਕਰ ਚਰਨਜੀਤ ਚੰਨੀ ਜ਼ਮੀਨੀ ਪੱਧਰ ’ਤੇ ਕੰਮ ਕਰਵਾਉਣਗੇ। ਉੱਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਚਰਨਜੀਤ ਚੰਨੀ ਬਹੁਤ ਵਧੀਆ ਕੰਮ ਕਰ ਰਹੇ ਹਨ, ਉਨ੍ਹਾਂ ਨੇ ਲੋਕਾਂ ਦੇ ਹਿੱਤ ਚ ਕਈ ਵੱਡੇ ਫੈਸਲੇ ਲਏ ਹਨ ਜਿਨ੍ਹਾਂ ਚ ਬਿਜਲੀ ਦੇ ਬਕਾਇਆ ਬਿੱਲ ਮਾਫ ਪਾਣੀ ਸੀਵਰੇਜ ਦੇ ਬਿੱਲ ਘਟਾਏ। ਨਾਲ ਹੀ ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਆਉਂਦੇ ਸਮੇਂ ਚ ਉਹ ਹੋਰ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ।
ਚੰਨੀ ਦੇ ਇੱਕ ਮਹੀਨੇ ਤੇ ਸਿਆਸਤ ਤੇਜ਼
ਜਿੱਥੇ ਇੱਕ ਪਾਸੇ ਲੋਕਾਂ ਦਾ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਉੱਥੇ ਹੀ ਦੂਜੇ ਪਾਸੇ ਸਿਆਸਤ ਵੀ ਪੂਰੀ ਗਰਮਾ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚੰਨੀ ਵੱਡੇ ਵੱਡੇ ਐਲਾਨ ਤਾਂ ਕਰ ਰਹੇ ਹਨ ਪਰ ਇਹ ਪ੍ਰੋਜੈਕਟ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੂਰੇ ਕਿਵੇਂ ਹੋ ਜਾਣਗੇ। ਦੋ ਮਹੀਨੇ ਵਿੱਚ ਉਹ ਕਿਵੇਂ ਸਾਰੇ ਕੰਮ ਜਾਂ ਸਾਰੇ ਵਾਅਦੇ ਪੂਰੇ ਕਰ ਲੈਣਗੇ ਉਨ੍ਹਾਂ ਕਿਹਾ ਕਿ ਉਹ ਬਿਨਾਂ ਸੋਚੇ ਸਮਝੇ ਵੱਡੇ ਵੱਡੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖ ਰਹੇ ਹਨ ਜੋ ਉੱਥੇ ਹੀ ਸੀਮਿਤ ਰਹਿ ਜਾਣਗੇ। ਜਦਕਿ ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਆਗੂ ਕੁਲਦੀਪ ਵੈਦ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਇਕ ਮਹੀਨੇ ਵਿਚ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਚ ਜੋ ਫ਼ੈਸਲੇ ਲਏ ਹਨ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੂਰਅੰਦੇਸ਼ੀ ਸੋਚ ਵਾਲੇ ਮੁੱਖ ਮੰਤਰੀ ਹਨ ਅਤੇ ਸਭ ਤੋਂ ਵੱਧ ਪੜ੍ਹੇ ਲਿਖੇ ਹਨ ਉਨ੍ਹਾਂ ਨੇ ਇਕ ਮਹੀਨੇ ਦੇ ਵਕਫ਼ੇ ਚ ਹੀ ਜੋ ਵੱਡੇ ਫ਼ੈਸਲੇ ਕੀਤੇ ਹਨ ਉਹ ਕਾਬਲੇ ਤਾਰੀਫ਼ ਹੈ।
ਇਹ ਵੀ ਪੜੋ: ਹੁਣ ਸੂਬੇ ਦੇ ਇਸ ਜ਼ਿਲ੍ਹੇ 'ਚੋਂ ਡੇਂਗੂ ਦੇ 60 ਮਾਮਲੇ ਆਏ ਸਾਹਮਣੇ