ਲੁਧਿਆਣਾ: ਦਿੱਲੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਰੈਲੀ 'ਚ ਸ਼ਾਮਿਲ ਹੋਣ ਲਈ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ। ਆਪਣੇ ਹੱਕ ਸੱਚ ਦੀ ਲੜਾਈ 'ਚ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਕਰਨ ਲਈ ਕਿਸਾਨ ਨੇ 2 ਲੱਖ ਖਰਚ ਕੇ ਆਪਣੇ ਟਰੈਕਟਰ ਦੀ ਬਸ ਬਣਾ ਦਿੱਤੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਹੱਕਾਂ ਦੀ ਲੜਾਈ 'ਚ ਸ਼ਮੂਲੀਅਤ ਕਰ ਸਕਣ।
ਜ਼ਿਕਰਯੋਗ ਹੈ ਕਿ ਇਸ ਬਸ 'ਤੇ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਚਿੱਤਰ ਲਗਾਏ ਹਨ, ਜੋ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ।
ਪਿੰਡ ਵਜੀਦਪੁਰ ਦੇ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ’ਚ ਸ਼ਾਮਿਲ ਹੋਣ ਲਈ ਉਸ ਨੇ ਵਿਸ਼ੇਸ਼ ਤੌਰ ’ਤੇ ਟਰਾਲੀ ਦੀ ਇੱਕ ਬਸ ਤਿਆਰ ਕੀਤੀ ਹੈ, ਜਿਸ ਉੱਪਰ ਉਸ ਦਾ 2 ਲੱਖ ਰੁਪਏ ਤੋਂ ਵੱਧ ਖਰਚਾ ਆਇਆ। ਕਿਸਾਨ ਕਰਮਜੀਤ ਸਿੰਘ ਅਨੁਸਾਰ ਉਸ ਨੇ ਇੱਕ ਪੁਰਾਣੀ ਬਸ ਦਾ ਕੈਬਿਨ ਖਰੀਦਿਆ ਅਤੇ ਉਸ ਦੀ ਮੁਰੰਮਤ ਕਰ ਕੇ ਟਰਾਲੀ ਦੀ ਹੁੱਕ ਬਣਾ ਕੇ ਟਰੈਕਟਰ ਪਿੱਛੇ ਪਾ ਲਈ।
ਕਿਸਾਨ ਮੁਤਾਬਕ ਉਸ ਨੇ ਬਸ ’ਚ ਸੀਟਾਂ 'ਤੇ ਗੱਦੇ ਵੀ ਵਿਛਾਏ ਹਨ ਤਾਂ ਜੋ ਦਿੱਲੀ ਜਾਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕਿਸਾਨ ਕਰਮਜੀਤ ਸਿੰਘ ਅਨੁਸਾਰ ਟਰਾਲੀ ਨੂੰ ਬਸ ਦਾ ਰੂਪ ਦੇਣ ਨਾਲ ਹੁਣ ਦਿੱਲੀ ਭਾਵੇਂ ਕਿੰਨੇ ਵੀ ਦਿਨ ਧਰਨਾ ਦੇਣਾ ਪਵੇ, ਉਸ ਦੀ ਕੋਈ ਪਰਵਾਹ ਨਹੀਂ ਕਿਉਂਕਿ ਇਸ ’ਚ ਜਿੱਥੇ ਅਰਾਮਦਾਇਕ ਗੱਦੇ ਲਗਾਏ ਗਏ ਹਨ, ਉੱਥੇ ਹੀ ਖਾਣ-ਪੀਣ ਵਾਲਾ ਸਾਰਾ ਸਮਾਨ ਵੀ ਰੱਖਿਆ ਹੈ।