ਲੁਧਿਆਣਾ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਦੇ ਵਿੱਚ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਕਾਂਗਰਸ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਪੰਜਾਬ ਭਾਜਪਾ ਦੇ ਐਸਸੀ ਮੋਰਚੇ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਵੱਲੋਂ ਲੁਧਿਆਣਾ 'ਚ ਪ੍ਰੈਸ ਕਾਨਫਰੰਸ ਕਰਦਿਆਂ ਇਸ ਮੁੱਦੇ ਨੂੰ ਲੈ ਕੇ ਐਲਾਨ ਕੀਤਾ ਗਿਆ ਕਿ ਉਹ ਸਰਕਾਰ ਦਾ ਘਿਰਾਓ ਕਰਨਗੇ ਅਤੇ 10 ਅਕਤੂਬਰ ਨੂੰ ਪੰਜਾਬ ਦਾ ਦੋ ਘੰਟੇ ਲਈ ਚੱਕਾ ਜਾਮ ਕਰਨਗੇ।
ਰਾਜ ਕੁਮਾਰ ਅਟਵਾਲ ਨੇ ਕਿਹਾ ਕਿ 64 ਕਰੋੜ ਰੁਪਏ ਘੁਟਾਲੇ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਬੜੀ ਆਸਾਨੀ ਨਾਲ ਕੈਬਿਨੇਟ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ। ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਇਸੇ ਕਰ ਕੇ 10 ਅਕਤੂਬਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸੰਤ ਸਮਾਜ ਵੀ ਸਾਡਾ ਸਾਥ ਦੇ ਰਹੇ ਹਨ। ਕਿਸਾਨਾਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਕਿਸਾਨਾਂ ਨੂੰ ਗੁਮਰਾਹ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ ਜਦੋਂ ਕਿ ਭਾਜਪਾ ਹਮੇਸ਼ਾ ਤੋਂ ਕਿਸਾਨਾਂ ਦੇ ਹੱਕ 'ਚ ਰਹੀ ਹੈ।