ਲੁਧਿਆਣਾ: ਜ਼ਿਲ੍ਹਾ ਅਦਾਲਤ ’ਚ ਸੀਆਈਏ ਸਟਾਫ ਵੱਲੋਂ ਗ੍ਰਿਫ਼ਤਾਰ ਕੀਤੇ ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਨੂੰ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਦੋਹਾਂ ’ਤੇ ਲਾਰੈਂਸ ਬਿਸ਼ਨੋਈ ਦੇ ਸਾਥੀ ਹੋਣ ਦੇ ਇਲਜ਼ਾਮ ਲ਼ੱਗੇ ਹਨ। ਮਿਲੀ ਜਾਣਕਾਰੀ ਮੁਤਾਬਿਕ ਅਦਾਲਤ ਨੇ ਜਿੱਥੇ ਬਲਦੇਵ ਚੌਧਰੀ ਦਾ ਪੁਲਸ ਨੇ ਸੱਤ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਜਦਕਿ ਦੂਜੇ ਪਾਸੇ ਅੰਕਿਤ ਸ਼ਰਮਾ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।
ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਦੇ ਵਕੀਲ ਜੀਵਨ ਨਾਗਰ ਨੇ ਕਿਹਾ ਕਿ ਦੋਵੇਂ ਨੌਜਵਾਨ ਬੇਕਸੂਰ ਹਨ। ਉਨ੍ਹਾਂ ਕੋਲੋਂ ਨਾ ਤਾਂ ਕੋਈ ਹਥਿਆਰ ਬਰਾਮਦ ਹੋਇਆ ਹੈ ਅਤੇ ਨਾ ਹੀ ਉਹ ਕਿਸੇ ਵਾਰਦਾਤ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਸਿਰਫ ਲੁਧਿਆਣਾ ਪੁਲਿਸ ਆਪਣੀ ਪਿੱਠ ਥਪਥਪਾਉਣ ਲਈ ਇਨ੍ਹਾਂ ਤੇ ਨਾਜਾਇਜ਼ ਮਾਮਲਾ ਪਾ ਕੇ ਇਨ੍ਹਾਂ ਨੌਜਵਾਨਾਂ ਨੂੰ ਇਸ ਮਾਮਲੇ ਵਿਚ ਧੱਕੇ ਨਾਲ ਫਸਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਲਾਰੈਂਸ ਬਿਸ਼ਨੋਈ ਨੂੰ ਜਾਣਦਾ ਸੀ ਜਾਂ ਉਸ ਨਾਲ ਪੜ੍ਹਦਾ ਰਿਹਾ ਹੈ ਕਿ ਉਹ ਸਾਰੇ ਹੀ ਦੋਸ਼ੀ ਹੋ ਜਾਣਗੇ। ਵਕੀਲ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਇਨ੍ਹਾਂ ਨੌਜਵਾਨਾਂ ਨੂੰ ਫਸਾ ਕੇ ਖ਼ੁਦ ਇਨ੍ਹਾਂ ਨੂੰ ਗੈਂਗਸਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦਈਏ ਕਿ ਦੋਵਾਂ ਨੂੰ ਸਖਤ ਸੁਰੱਖਿਆ ਦੇ ਹੇਠ ਸੀਆਈਏ ਸਟਾਫ ਵੱਲੋਂ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿਚ ਪੇਸ਼ ਕੀਤਾ ਗਿਆ ਦੋਵਾਂ ਨੂੰ ਬੁਲਟ ਪਰੂਫ਼ ਗੱਡੀ ਦੇ ਵਿੱਚ ਲਿਆਂਦਾ ਗਿਆ ਸੀ। ਪੁਲਿਸ ਨੇ ਦੋਹਾਂ ਨੂੰ ਪੁਲਿਸ ਵੱਲੋਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ ਜਿਨ੍ਹਾਂ ਵਿੱਚ ਦੋ ਬੱਤੀ ਬੋਰ ਦੇ ਪਿਸਤੌਲ ਸ਼ਾਮਲ ਸਨ। ਪੁਲਿਸ ਕਮਿਸ਼ਨਰ ਨੇ ਵੀ ਦਾਅਵਾ ਕੀਤਾ ਸੀ ਕਿ ਇਨ੍ਹਾਂ ਮੁਲਜ਼ਮਾਂ ਦੇ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਹੈ ਇਹ ਸਾਰੇ ਇਕੱਠੇ ਚੰਡੀਗੜ੍ਹ ਰਹਿੰਦੇ ਰਹੇ ਅਤੇ ਪੜ੍ਹਦੇ ਰਹੇ ਹਨ।
ਹਾਲਾਂਕਿ ਪੁਲਿਸ ਕਮਿਸ਼ਨਰ ਨੇ ਕਿਹਾ ਸੀ ਕਿ ਇਨ੍ਹਾਂ ਦੇ ਮੂਸੇਵਾਲੇ ਕਤਲ ਕਾਂਡ ਵਿਚ ਲਿੰਕ ਹੈ ਜਾਂ ਨਹੀਂ ਇਸ ਸਬੰਧੀ ਉਹ ਪੁੱਛ ਗਿੱਛ ਕਰ ਰਹੇ ਹਨ ਪਰ ਅਸਿੱਧੇ ਤੌਰ ਤੇ ਇਨ੍ਹਾਂ ਦੇ ਲਾਰੈਂਸ ਬਿਸ਼ਨੋਈ ਨਾਲ ਲਿੰਕ ਹਨ ਜਦਕਿ ਦੂਜੇ ਪਾਸੇ ਦੋਵਾਂ ਦੇ ਵਕੀਲ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਪੁਲਿਸ ਇਨ੍ਹਾਂ ਨੂੰ ਗੈਂਗਸਟਰ ਬਣਾ ਰਹੀ ਹੈ।
ਇਹ ਵੀ ਪੜੋ: ਮੂਸੇਵਾਲਾ ਕਤਲਕਾਂਡ ’ਤੇ ਸੀਐੱਮ ਮਾਨ ਦਾ ਵੱਡਾ ਬਿਆਨ, ਕਿਹਾ- 'ਗੈਂਗਸਟਰਾਂ ਨੂੰ ਨਹੀਂ ਜਾਵੇਗਾ ਬਖਸ਼ਿਆ'