ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਅਟਲ ਭੂਜਲ ਯੋਜਨਾ ਤੋਂ ਪੰਜਾਬ ਨੂੰ ਬਾਹਰ ਰੱਖਣ ਦੇ ਮਾਮਲੇ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਜਲ ਸਰੋਤ ਮੰਤਰੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ, ਕਿਉਂਕਿ ਮੰਤਰੀ ਰਾਜਸਥਾਨ ਤੋਂ ਸਬੰਧਤ ਹੈ ਅਤੇ ਪੰਜਾਬ ਨੇ ਰਾਜਸਥਾਨ ਤੋਂ ਪਾਣੀ ਦੀ ਰਕਮ ਵਸੂਲਣ ਦੀ ਗੱਲ ਕਹੀ ਹੈ। ਇਸ ਕਰਕੇ ਜਾਣ ਬੁੱਝ ਕੇ ਇਸ ਯੋਜਨਾ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਣੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਸੁਖਬੀਰ ਬਾਦਲ ਨੇ ਚੁੱਪੀ ਧਾਰੀ ਹੋਈ ਹੈ।
ਸਿਮਰਜੀਤ ਬੈਂਸ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਅਟਲ ਭੂਜਲ ਯੋਜਨਾ ਵਿਚ ਸ਼ਾਮਿਲ ਨਾ ਕੀਤਾ ਗਿਆ ਤਾਂ 10 ਜਨਵਰੀ ਨੂੰ ਉਹ ਕੇਂਦਰੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਬੱਸ ਬਿਆਨ ਜਾਰੀ ਕਰਨ ਤੋਂ ਬਾਅਦ ਚੁੱਪ ਹਨ ਅਤੇ ਨਾਲ ਹੀ ਬੀਜੇਪੀ ਦੀ ਭਾਈਵਾਲ ਪਾਰਟੀ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਮਾਮਲੇ 'ਤੇ ਚੁੱਪ ਹੈ।
ਬੈਂਸ ਨੇ ਕਿਹਾ ਕਿ ਪੰਜਾਬ ਨੇ ਰਾਜਸਥਾਨ ਤੋਂ ਪਾਣੀ ਦੇ ਪੈਸੇ ਲੈਣੇ ਨੇ ਅਤੇ ਇਹ ਰਕਮ 16 ਲੱਖ ਕਰੋੜ ਰੁਪਏ ਦੀ ਬਣਦੀ ਹੈ, ਜਿਸ ਕਰਕੇ ਰਾਜਸਥਾਨ ਦੇ ਮੰਤਰੀ ਨੇ ਜਾਣ ਬੁੱਝ ਕੇ ਪੰਜਾਬ ਨਾਲ ਕਿੜ ਕੱਢਣ ਲਈ ਉਸ ਨੂੰ ਅਟਲ ਯੋਜਨਾ ਤੋਂ ਬਾਹਰ ਰੱਖਿਆ ਹੈ। ਬੈਂਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਭੂਜਲ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਪੰਜਾਬ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਵੀ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਉਸ ਦੇ ਬਾਵਜੂਦ ਪੰਜਾਬ ਨੂੰ ਨਹੀਂ ਉਸ ਦਾ ਬਣਦਾ ਹੱਕ ਦਿੱਤਾ ਗਿਆ ਅਤੇ ਨਾ ਹੀ ਅਟਲ ਜਲ ਯੋਜਨਾ ਚ ਪੰਜਾਬ ਨੂੰ ਸ਼ਾਮਿਲ ਕੀਤਾ ਗਿਆ।
ਜ਼ਿਕਰੇਖ਼ਾਸ ਹੈ ਕਿ ਸਿਮਰਜੀਤ ਬੈਂਸ ਇਸ ਤੋਂ ਪਹਿਲਾਂ ਵੀ ਰਾਜਸਥਾਨ ਤੋਂ ਪਾਣੀ ਬਦਲੇ ਪੈਸੇ ਲੈਣ ਲਈ ਆਵਾਜ਼ ਬੁਲੰਦ ਕਰ ਚੁੱਕੇ ਹਨ ਅਤੇ ਹਸਤਾਖ਼ਰ ਮੁਹਿੰਮ ਵੀ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਹੁਣ ਅਟਲ ਜਲ ਯੋਜਨਾ 'ਚ ਪੰਜਾਬ ਨੂੰ ਬਾਹਰ ਕੱਢਣ ਦੇ ਮਾਮਲੇ 'ਤੇ ਹੁਣ ਮੁੜ ਤੋਂ ਕੇਂਦਰ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਜਾ ਰਹੇ ਹਨ।