ਲੁਧਿਆਣਾ: ਚੰਡੀਗੜ੍ਹ ਰੋਡ 'ਤੇ ਰਹਿਣ ਵਾਲੀ ਚੰਚਲ ਮਿਨੋਚਾ 'ਤੇ ਗੋਲੀ ਚਲਾਉਣ ਵਾਲੇ ਏਐੱਸਆਈ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ASI ਸੁਖਪਾਲ ਸਿੰਘ ਨੂੰ ਵਾਰਦਾਤ ਦੇ 48 ਘੰਟਿਆਂ ਦੇ ਅੰਦਰ-ਅੰਦਰ ਜਬਰੀ ਸੇਵਾ-ਮੁਕਤ ਕਰ ਦਿੱਤਾ ਗਿਆ ਸੀ। ਪੁਲਿਸ ਨੇ ASI 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਏਐੱਸਆਈ ਸੁਖਪਾਲ ਸਿੰਘ ਜਮਾਲਪੁਰ ਥਾਣੇ ਵਿੱਚ ਤੈਨਾਤ ਸੀ ਅਤੇ ਮਹਿਲਾ ਨਾਲ ਉਸ ਦੇ ਪਰਿਵਾਰਕ ਸਬੰਧ ਸਨ। ਚੰਚਲ ਮਿਨੋਚਾ ਤੇ ਏਐੱਸਆਈ ਵਿਚਾਲੇ ਪੈਸਿਆਂ ਦਾ ਕੁਝ ਲੈਣ ਦੇਣ ਚੱਲ ਰਿਹਾ ਸੀ, ਜਿਸ ਦੇ ਚਲਦੇ ਦੋਹਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਏਐੱਸਆਈ ਸੁਖਪਾਲ ਸਿੰਘ ਨੇ ਮਹਿਲਾ ਉੱਤੇ ਗੋਲੀ ਚਲਾ ਦਿੱਤੀ। ਇਹ ਘਟਨਾ ਬੀਤੀ 15 ਜਨਵਰੀ ਦੀ ਹੈ।
ਗੋਲੀ ਮਾਰਨ ਤੋਂ ਬਾਅਦ ਸੁਖਪਾਲ ਸਿੰਘ ਆਪ ਹੀ ਉਸ ਔਰਤ ਨੂੰ ਆਪਣੀ ਕਾਰ ਵਿੱਚ ਪਾ ਕੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਿਆ । ਹਸਪਤਾਲ ਜਾਂਦੇ ਸਮੇਂ ਉਸ ਨੇ ਉਸ ਦੀਆਂ ਦੋਵੇਂ ਧੀਆਂ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਧਮਕੀ ਵੀ ਦਿੱਤੀ ਸੀ। ਫ਼ਰਾਰ ਹੋਣ ਤੋਂ ਪਹਿਲਾਂ ASI ਸੁਖਪਾਲ ਸਿੰਘ ਨੇ ਜ਼ਖ਼ਮੀ ਔਰਤ ਦੇ ਇਲਾਜ ਲਈ ਹਸਪਤਾਲ ਵਿੱਚ 2 ਲੱਖ ਰੁਪਏ ਵੀ ਜਮ੍ਹਾ ਕਰਵਾ ਦਿੱਤੇ ਸਨ।
ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦੱਸਿਆ ਕਿ ਮੁਲਜ਼ਮ ਏਐੱਸਆਈ ਸੁਖਪਾਲ ਸਿੰਘ ਨੂੰ ਜੀ.ਟੀ. ਰੋਡ ਬੀਜਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਐੱਸਆਈ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਨ ਤੋਂ ਬਾਅਦ ਹੀ ਪੁਲਿਸ ਵੱਲੋਂ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ। ਟੀਮ ਵੱਲੋਂ ਲਗਾਤਾਰ ਏਐੱਸਆਈ ਦੀ ਭਾਲ ਕੀਤਾ ਜਾ ਰਹੀ ਸੀ। ਇਸ ਤੋਂ ਬਾਅਦ ਏਐੱਸਆਈ ਨੂੰ ਜੀ.ਟੀ. ਰੋਡ ਬੀਜਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ।