ਲੁਧਿਆਣਾ: ਪੀਏਯੂ ਤੋਂ ਸੇਵਾਮੁਕਤ ਅਸਿਸਟੈਂਟ ਪ੍ਰੋਫੈਸਰ ਡਾ. ਮਹਿੰਦਰ ਲਾਲ ਸੂਦ ਇਨ੍ਹੀਂ ਦਿਨੀਂ ਆਪਣਾ ਵਕਤ ਬੂਟਿਆਂ ਨਾਲ ਗੁਜ਼ਾਰਦੇ ਹਨ। ਉਨ੍ਹਾਂ ਨੇ ਆਪਣੇ 100 ਗਜ ਦੇ ਘਰ ਦੇ ਵਿੱਚ 270 ਕਿਸਮਾਂ ਦੇ 450 ਤੋਂ ਵੱਧ ਪੋਰਟ ਵਿੱਚ ਬੂਟੇ ਲਾਏ ਹੋਏ ਹਨ। ਉਨ੍ਹਾਂ ਨੇ ਆਪਣੇ ਘਰ ਦੇ ਵਿੱਚ ਕੁਝ ਪੁਰਾਤਨ ਵਸਤਾਂ ਵੀ ਇਕੱਠੀਆਂ ਕੀਤੀਆ ਹੋਇਆ ਹਨ।
ਉਨ੍ਹਾਂ ਦੀ ਪਤਨੀ ਸੀਐੱਮਸੀ ਹਸਪਤਾਲ ਤੋਂ ਸੇਵਾ ਮੁਕਤ ਡਾ. ਅਰੁਨਾ ਸੂਦ ਵੀ ਉਨ੍ਹਾਂ ਨਾਲ ਹੱਥ ਵਟਾਉਂਦੀ ਹੈ। ਇਸ ਤੋਂ ਇਲਾਵਾ ਡਾ. ਸੂਦ ਨੂੰ ਕਿਤਾਬਾਂ ਲਿਖਣ ਦਾ ਵੀ ਸ਼ੌਕ ਹੈ, ਉਹ ਹੁਣ ਤੱਕ ਤਿੰਨ ਰੈਫਰੈਂਸ ਬੁੱਕ ਲਿੱਖ ਚੁੱਕੇ ਹਨ ਅਤੇ ਚੋਥੀ ਵੀ ਤਿਆਰ ਹੈ।
ਡਾ. ਮਹਿੰਦਰ ਲਾਲ ਸੂਦ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੂਟੇ ਲਾਉਣ ਲਈ ਘਰ ਵਿੱਚ ਸ਼ੁਰੂ ਤੋਂ ਹੀ ਸ਼ੌਕ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਉਨ੍ਹਾਂ ਦਾ ਬੂਟਿਆ ਨਾਲ ਵਿਸ਼ੇਸ ਲਗਾਵ ਸੀ। ਉਨ੍ਹਾਂ ਕਿਹਾ ਕਿ ਨੌਕਰੀ ਸਮੇਂ ਤਾਂ ਉਹ ਬਹੁਤ ਸ਼ੌਕ ਪੂਰੇ ਨਹੀਂ ਕਰ ਸਕੇ ਪਰ ਸੇਵਾ-ਮੁਕਤ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਸਮਾਂ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਇੱਕ ਛੋਟੀ ਜਿਹੀ ਨਰਸਰੀ ਬਣਾ ਲਈ ਜਿੱਥੇ 270 ਕਿਸਮਾਂ ਦੇ ਬੂਟੇ ਲਾਏ ਗਏ ਹਨ।
ਡਾ. ਮਹਿੰਦਰ ਲਾਲ ਸੂਦ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਨੂੰ ਉਨ੍ਹਾ 400 ਤੋਂ ਵੱਧ ਵੱਖ-ਵੱਖ ਪੋਰਟਸ ਵਿੱਚ ਲਾਇਆ ਗਿਆ ਹੈ। ਉਨ੍ਹਾਂ ਨੂੰ ਪੋਰਟਸ ਦਾ ਵੀ ਕਾਫੀ ਸ਼ੌਕ ਹੈ ਘਰ ਦੀ ਵੈਸਟ ਕਰੋਕਰੀ, ਬਾਹਰ ਲੋਕਾਂ ਦੇ ਨਾ ਵਰਤਨ ਵਾਲੇ ਸਮਾਨ ਤੇ ਉਹ ਵੱਖ-ਵੱਖ ਡਿਜ਼ਾਈਨ ਦੇ ਪੋਰਟ ਬਣਾ ਲੈਂਦੇ ਹਨ। ਉਨ੍ਹਾਂ ਨੇ ਘਰ ਦੇ ਵਿੱਚ ਕੁਝ ਪੁਰਾਣੀਆਂ ਚੀਜ਼ਾਂ ਵੀ ਸਾਂਭੀਆਂ ਹੋਈਆਂ ਹਨ, ਜੋਂ ਕਿ ਸੈਂਕੜੇ ਸਾਲ ਪੁਰਾਣੀਆਂ ਹਨ।
ਡਾ. ਮਹਿੰਦਰ ਦੀ ਪਤਨੀ ਡਾ. ਆਰੂਨ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦਿਨ ਵਿੱਚ 4 ਘੰਟੇ ਆਪਣੇ ਬੂਟਿਆਂ ਦੇ ਨਾਲ ਸਮਾਂ ਬਤੀਤ ਕਰਦੇ ਹਨ। ਇਸ ਤੋਂ ਬਾਅਦ ਉਹ ਆਪਸ 'ਚ ਗੱਲਬਾਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਘਰ ਵਿੱਚ ਹਰਿਆਲੀ ਵੇਖ ਕੇ ਖੁਸ਼ ਹੁੰਦੇ ਹਨ।
ਕਹਿੰਦੇ ਨੇ ਕਿ ਸ਼ੌਕ ਪੂਰੇ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਡਾਕਟਰ ਸੂਦ ਜੋੜਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ, ਜੋ ਆਪਣੀ ਉਮਰ ਦੇ ਇਸ ਪੜਾਅ 'ਚ ਨਾ ਸਿਰਫ ਆਪਣੇ ਸ਼ੌਕ ਪੂਰੇ ਕਰ ਰਹੇ ਹਨ, ਸਗੋਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਹੀ ਅਹਿਮ ਯੋਗਦਾਨ ਪਾ ਰਹੇ ਹਨ।