ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਦੇ ਹਾਲਾਤ ਸੁਧਾਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਜੇਲ੍ਹ 'ਚ ਕੈਦੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ 'ਵਿਸ਼ੇਸ਼ ਬੋਰਡ' ਬਣਾਇਆ ਗਿਆ ਹੈ। ਇਹ ਵਿਸ਼ੇਸ਼ ਬੋਰਡ ਜੇਲ੍ਹ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ।
ਇਸ ਬਾਰੇ ਦੱਸਦੇ ਹੋਏ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਵਿਸ਼ੇਸ਼ ਬੋਰਡ ਕੈਦੀਆਂ ਨੂੰ ਆਤਮ ਨਿਰਭਰ ਬਣਾਉਣ ਤੇ ਜੇਲ੍ਹਾਂ ਦੀ ਆਮਦਨ 'ਚ ਵਾਧਾ ਕਰਨ ਦਾ ਕੰਮ ਕਰੇਗਾ। ਇਸ ਦੇ ਲਈ ਜੇਲ੍ਹਾਂ ਦੇ ਬਾਹਰ ਪੈਟ੍ਰੋਲ ਪੰਪ ਖੋਲ੍ਹੇ ਜਾਣਗੇ।
ਰੰਧਾਵਾ ਨੇ ਆਖਿਆ ਕਿ ਫਿਲਹਾਲ ਪਹਿਲਾਂ ਕੈਦੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਰੀਦਕੋਟ ਦੀਆਂ ਜੇਲ੍ਹਾਂ ਦੇ ਬਾਹਰ ਪੈਟ੍ਰੋਲ ਪੰਪ ਲਾਉਣ ਨੂੰ ਵੀ ਮੰਜ਼ੂਰੀ ਮਿਲ ਗਈ ਹੈ। ਇਨ੍ਹਾਂ ਪੈਟਰੋਲ ਪੰਪਾਂ ਤੋਂ ਹੋਣ ਵਾਲੀ ਆਮਦਨ ਨੂੰ ਜੇਲ੍ਹਾਂ ਦੇ ਵਿਕਾਸ ਉੱਤੇ ਲਾਇਆ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਲਗਾਤਾਰ ਪੰਜਾਬ ਸਰਕਾਰ ਵੱਲੋਂ ਕੈਦੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੁਧਿਆਣਾ ਦੀ ਬੋਸਟਲ ਜੇਲ੍ਹ 'ਚ ਵਿਸ਼ੇਸ਼ ਤੌਰ 'ਤੇ ਇਕਾਂਤਵਾਸ ਕੇਂਦਰ ਵੀ ਬਣਾਏ ਗਏ ਹਨ ਤਾਂ ਜੋ ਬਿਮਾਰ ਕੈਦੀਆਂ ਨੂੰ ਇਥੇ ਰੱਖਿਆ ਜਾ ਸਕੇ।