ਲੁਧਿਆਣਾ : ਸ਼ਹਿਰ ਦੋਰਾਹਾ 'ਚ ਪੰਜਾਬ ਸਰਕਾਰ ਵੱਲੋਂ ਨਵਾਂ ਪੁਲਿਸ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ। ਇਹ ਪੁਲਿਸ ਸਟੇਸ਼ਨ ਤਕਰੀਬਨ 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਪੁਲਿਸ ਸਟੇਸ਼ਨ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਇਸ ਦਾ ਉਦਘਾਟਨ ਸਥਾਨਕ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਤੇ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗੇਰਵਾਲ ਵੱਲੋਂ ਰੱਖੀ ਗਈ। ਇਸ ਬਾਰੇ ਦੱਸਦੇ ਹੋਏ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਮੰਗ ਸੀ ਕਿ ਦੋਰਾਹਾ ਦੇ ਪੁਲਿਸ ਸਟੇਸ਼ਨ ਨੂੰ ਕਿਸੇ ਢੁਕਵੀਂ ਥਾਂ ਸ਼ਿਫਟ ਕੀਤਾ ਜਾਵੇ। ਵਿਧਾਇਕ ਨੇ ਦੱਸਿਆ ਕਿ ਇਹ ਪੁਲਿਸ ਸਟੇਸ਼ਨ 12 ਹਜਾਰ ਸਕੇਅਰ ਫੁੱਟ ਨੂੰ ਕਵਰ ਕਰਦਿਆਂ 2 ਏਕੜ ਜ਼ਮੀਨ 'ਤੇ ਬਣਾਇਆ ਜਾਵੇਗਾ। ਇਹ ਨਵਾਂ ਪੁਲਿਸ ਸਟੇਸ਼ਨ 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਤੇ ਇਸ ਨੂੰ ਇੱਕ ਸਾਲ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਗਰੇਵਾਲ ਨੇ ਕਿਹਾ ਕਿ ਨਵਾਂ ਪੁਲਿਸ ਸਟੇਸ਼ਨ ਬਣਨ ਨਾਲ ਮੁਲਜ਼ਮਾਂ ਤੇ ਆਮ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਤੋਂ ਪਹਿਲਾਂ ਦੋਰਾਹਾ ਪੁਲਿਸ ਸਟੇਸ਼ਨ ਸ਼ਹਿਰ ਦੀ ਇੱਕ ਛੋਟੀ ਜਿਹੀ ਇਮਾਰਤ 'ਚ ਬਣਿਆ ਹੋਇਆ ਸੀ। ਨਵਾਂ ਪੁਲਿਸ ਸਟੇਸ਼ਨ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਥੇ ਮੁਲਜ਼ਮਾਂ ਦੇ ਰਹਿਣ ਦਾ ਪ੍ਰਬੰਧ, ਸੀਸੀਟੀ ਕੈਮਰੇ, ਕੰਪਿਊਟਰ ਰੂਮ, ਰਿਕਾਰਡਰੂਮ,ਵਾਇਰਲੈਸ ਰੂਮ, ਮਰਦਾਂ ਅਤੇ ਔਰਤਾਂ ਲਈ ਵੱਖੋਂ -ਵੱਖ ਹਵਾਲਾਤ ਤਿਆਰ ਕੀਤੇ ਜਾਣਗੇ। ਇਸ ਰਾਹੀਂ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਨੂੰ ਵੀ ਸੁਵਿਧਾ ਹੋਵੇਗੀ।