ਲੁਧਿਆਣਾ: ਜਦੋਂ ਹੌਂਸਲੇ ਹੋਣ ਬੁਲੰਦ ਤਾਂ ਉਮਰ ਕੌਣ ਦੇਖਦਾ ਹੈ। ਅਸੀਂ ਅੱਜ ਅਜਿਹੇ ਹੀ ਇੱਕ ਖਿਡਾਰੀ ਦੀ ਗੱਲ ਕਰਨ ਜਾ ਰਹੇ ਹਾਂ ਜੋ ਮਹਿਜ 6 ਸਾਲ ਦਾ ਹੈ ਪਰ ਉਸ ਨੇ ਆਪਣੀ ਮਿਹਨਤ ਸਦਕਾ ਬੜੀ ਹੀ ਘੱਟ ਉਮਰ 'ਚ ਸਫ਼ਲਤਾ ਦੀਆਂ ਪੌੜੀਆਂ ਚੜਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਲੁਧਿਆਣਾ ਦੇ ਰਹਿਣ ਵਾਲੇ 6 ਸਾਲ ਦੇ ਪ੍ਰਣਵ ਚੌਹਾਨ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ ਵਿੱਚ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਅੱਜ ਉਸ ਨੇ ਆਪਣਾ ਨਾਂਅ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ, ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਅਤੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਲਈ ਭੇਜਿਆ ਹੈ।
ਪ੍ਰਣਵ ਦੇ ਪਿਤਾ ਦਾ ਦਾਅਵਾ ਹੈ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ 16 ਕਿਲੋਮੀਟਰ ਤੱਕ ਸਕੇਟਿੰਗ ਕਰਨ ਦਾ ਰਿਕਾਰਡ ਅੱਜ ਤੱਕ ਕਿਸੇ ਨੇ ਨਹੀਂ ਬਣਾਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪ੍ਰਣਵ ਕਈ ਤਰ੍ਹਾਂ ਦੇ ਰਿਕਾਰਡ ਆਪਣੇ ਨਾਂਅ ਕਰ ਚੁੱਕਾ ਹੈ ਅਤੇ ਅੱਜ ਮੁੜ ਤੋਂ ਉਸ ਨੇ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਦਾ ਨਤੀਜਾ ਉਸ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਮਿਲ ਜਾਵੇਗਾ।
ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਪ੍ਰਣਵ ਇਸ ਤੋਂ ਪਹਿਲਾਂ 34 ਕਿਲੋਮੀਟਰ ਤੋਂ ਵੱਧ ਮੈਰਾਥਨ, 29.42 ਸਕਿੰਟ ਦੇ ਕਰੀਬ ਲਿਮੋ ਸਕੇਟਿੰਗ ਕਰਕੇ 2 ਬਾਰ ਰਿਕਾਰਡ ਸਥਾਪਤ ਕਰ ਚੁੱਕਾ ਹੈ। ਉਸ ਦੇ ਪਿਤਾ ਨੇ ਕਿਹਾ ਕਿ ਪ੍ਰਣਵ ਦੀ ਸਖ਼ਤ ਮਿਹਨਤ ਸਦਕਾ ਅੱਜ ਉਹ ਉਸ ਮੁਕਾਮ 'ਤੇ ਹੈ ਜਿਥੇ ਹਰ ਕੋਈ ਉਸ ਨੂੰ ਜਾਣਦਾ ਹੈ।
ਕਹਿੰਦੇ ਹਨ ਜੇ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ। ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ ਪ੍ਰਣਬ ਚੌਹਾਨ, ਜਿਸ ਨੇ ਅੱਜ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ, ਹਾਲਾਂਕਿ ਉਸ ਦਾ ਨਾਂਅ ਵਰਲਡ ਰਿਕਾਰਡ 'ਚ ਸ਼ਾਮਲ ਹੋਣਾ ਅਜੇ ਬਾਕੀ ਹੈ ਪਰ ਸਮਾਜ ਅਤੇ ਪੰਜਾਬ ਖਾਸ ਕਰਕੇ ਉਸ ਦੇ ਮਾਪਿਆਂ ਲਈ ਪ੍ਰਣਵ ਅੱਜ ਹੀ ਹੀਰੋ ਬਣ ਗਿਆ ਹੈ।