ਜਲੰਧਰ:11 ਜੁਲਾਈ ਨੂੰ ਪੂਰੇ ਵਿਸ਼ਵ ਵਿੱਚ ਵਰਲਡ ਪਾਪੂਲੇਸ਼ਨ ਡੇਅ (World Population day) ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 11 ਜੁਲਾਈ ਸਾਲ 1989 ਵਿੱਚ ਹੋਈ ਸੀ। ਇਸ ਦਿਨ ਨੂੰ ਮਨਾਉਣ ਦਾ ਮੁਖ ਉਦੇਸ਼ ਲੋਕਾਂ ਨੂੰ ਆਬਾਦੀ ਨਿਯੰਤਰਣ (Population Control) ਕਰਨ ਲਈ ਵੱਖ-ਵੱਖ ਨਿਯਮਾਂ ਨਾਲ ਜਾਣੂ ਕਰਵਾਉਣਾ ਹੈ। ਇਸ ਤੋਂ ਇਲਾਵਾ, ਪਰਿਵਾਰ ਨਿਯੋਜਨ ਦੇ ਮੁੱਦੇ 'ਤੇ ਲੋਕਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ।
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿੱਚ ਭਾਰਤ ਦੀ ਆਬਾਦੀ ਗ੍ਰੋਥ 1.9 ਫੀਸਦੀ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਸਮਾਜਿਕ ਮਾਹਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕੋਲੋਂ ਇਸ ਸਬੰਧੀ ਵਿਚਾਰ ਜਾਣੇ
ਅਰਥਸ਼ਾਸਤਰੀ ਐਚ ਐਸ ਕੇ ਖੁਰਾਨਾ ਨੇ ਦੱਸਿਆ ਕਿ ਇੱਕ ਪਾਸੇ ਜਿਥੇ ਦੇਸ਼ ਦੀ ਆਬਾਦੀ ਗ੍ਰੋਥ 1.9 ਫੀਸਦੀ ਹੈ, ਉਥੇ ਹੀ ਦੂਜੇ ਪਾਸੇ ਭਾਰਤ ਵਿੱਚ ਖਾਧ ਪਦਾਰਥਾਂ ਦੇ ਉਤਪਾਦਨ ਦੀ ਗ੍ਰੋਥ 1.6 ਫੀਸਦੀ ਹੈ। ਜਿਸ ਦੇ ਚਲਦੇ ਭਾਰਤ ਸਰਕਾਰ ਹਰ ਸਾਲ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਖਾਧ ਪਦਾਰਥਾਂ ਦਾ ਆਯਾਤ ਕਰਦੀ ਹੈ। ਮਹਿਜ਼ 0.3 ਫੀਸਦੀ ਫ਼ਰਕ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਅਡਵਾਂਸ ਵਿੱਚ ਦੇਸ਼ ਦੇ ਲੋਕਾਂ ਲਈ 3 ਸਾਲ ਤੱਕ ਦਾ ਰਾਸ਼ਨ ਇੱਕਠਾ ਕਰਨਾ ਪੈਂਦਾ ਹੈ। ਇਸ ਸਭ ਦਾ ਮੁੱਖ ਕਾਰਨ ਵੱਧ ਆਬਾਦੀ ਹੈ। ਜੇਕਰ ਦੇਸ਼ ਦੀ ਆਬਾਦੀ ਵੱਧਦੀ ਰਹੀ ਤਾਂ ਇੱਕ ਦਿਨ ਦੇਸ਼ 'ਚ ਕੁਦਰਤੀ ਸੋਮਿਆਂ ਸਣੇ, ਖਾਣ-ਪੀਣ ਸਬੰਧੀ ਚੀਜਾਂ ਦੀ ਘਾਟ ਹੋ ਜਾਵੇਗੀ। ਇਸ ਨਾਲ ਦੇਸ਼ 'ਚ ਕਈ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਹਨ।
ਇਸ ਮੌਕੇ ਸਮਾਜ ਸੇਵੀ ਰੀਮਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਗਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਹੈ। ਇਸ ਦਾ ਮੁਖ ਕਾਰਨ ਦੇਸ਼ ਦੀ ਵੱਧ ਰਹੀ ਆਬਾਦੀ ਹੈ। ਉਹ ਤੇ ਉਨ੍ਹਾਂ ਦੇ ਸੰਸਥਾ ਦੇ ਮੈਂਬਰ ਸਰਕਾਰੀ ਸਕੂਲਾਂ ਤੇ ਗਰੀਬ ਬਸਤੀਆਂ 'ਚ ਜਾ ਕੇ ਲੋਕਾਂ ਫੈਮਲੀ ਪਲੈਂਨਿੰਗ ਸਬੰਧੀ ਜਾਗਰੂਕ ਕਰਦੇ ਹਨ ਤਾਂ ਜੋ ਵੱਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਨਪੜ੍ਹ ਤੇ ਕਈ ਲੋਕ ਅਜਿਹਾ ਮੰਨਦੇ ਨੇ ਕਿ ਪਰਿਵਾਰ 'ਚ ਜਿੰਨ੍ਹੇ ਜਿਆਦਾ ਲੋਕ ਹੋਣਗੇ ਉਨ੍ਹੀਂ ਵੱਧ ਕਮਾਈ ਹੋਵੇਗੀ ਪਰ ਇਸ ਦੇ ਉਲਟ ਖ਼ਰਚਾ ਵੱਧ ਜਾਂਦਾ ਹੈ। ਇਸ ਲਈ ਉਹ ਉਨ੍ਹਾਂ ਘੱਟ ਬੱਚੇ ਪੈਦਾ ਕਰਨ ਤੇ ਉਨ੍ਹਾਂ ਦੀ ਚੰਗੀ ਸਾਂਭ ਸੰਭਾਲ ਲਈ ਪ੍ਰੇਰਤ ਤੇ ਜਾਗਰੂਕ ਕਰਦੇ ਹਨ।
ਇਸ ਮੁੱਦੇ 'ਤੇ ਡਾ. ਬੀ ਐਸ ਜੌਹਲ ਨੇ ਕਿਹਾ ਲਗਾਤਾਰ ਆਬਾਦੀ ਵੱਧਣ ਨਾਲ ਸਾਡੇ ਕੁਦਰਤੀ ਸੋਮੇ ਘੱਟ ਰਹੇ ਹਨ। ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਤੇ ਮਨੁੱਖੀ ਆਬਾਦੀ ਵੱਧ ਰਹੀ ਹੈ। ਇਸ ਲਈ ਪਾਣੀ ਸਣੇ ਹੋਰ ਕੁਦਰਤੀ ਸੋਮੇਂ ਘੱਟ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਫੈਮਲੀ ਪੈਲਨਿੰਗ ਤੇ ਪਰਿਵਾਰ ਨਿਯੋਜਨ ਸਬੰਧੀ ਯੋਜਨਾਵਾਂ ਪਹਿਲਾਂ ਚੰਗੀ ਤਰ੍ਹਾਂ ਚਲਾਈਆਂ ਜਾ ਰਹੀਆਂ ਸਨ, ਪਰ ਹੁਣ ਉਨ੍ਹਾਂ ਨੂੰ ਇਨ੍ਹੀ ਤਰਜ਼ੀਹ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਲੋਕ ਵੱਧ ਰਹੀ ਆਬਾਦੀ 'ਤੇ ਧਿਆਨ ਨਹੀਂ ਦੇ ਰਹੇ। ਸਰਕਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਲੋਕ ਇਸ ਨੂੰ ਅਪਣਾਉਂਦੇ ਨਹੀ , ਜਿਸ ਪਿਛੇ ਅਨਪੜ੍ਹਤਾ, ਜਾਗਰੂਕਤਾਂ ਦੀ ਘਾਟ ਆਦਿ ਹੈ। ਪਰਿਵਾਰ ਨਿਯੋਜਨ ਦੇ ਮੁੱਦੇ 'ਤੇ ਲੋਕਾਂ ਨੂੰ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਇਸ ਨੂੰ ਅਪਣਾਉਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਜੇਕਰ ਕਿਸੇ ਦੇਸ਼ ਦੀ ਆਬਾਦੀ ਉਸ ਦੇ ਮਨੁੱਖ ਸਰੋਤਾਂ ਲਈ ਉਪਯੋਗੀ ਹੋ ਸਕਦੀ ਹੈ ਪਰ ਜੇ ਇਹ ਕੰਟਰੋਲ ਤੋਂ ਬਾਹਰ ਹੋਵੇ ਤਾਂ ਇਹ ਉਸੇ ਦੇਸ਼ ਲਈ ਮੁਸ਼ਕਲ ਦਾ ਕਾਰਨ ਬਣ ਸਕਦੀ ਹੈ।